ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਅੱਜ ਕੁਝ ਦੋਸ਼ੀਆਂ ਦੀ ਇਹ ਦਲੀਲ ਖਾਰਜ ਕਰ ਦਿੱਤੀ ਕਿ ਦੋ ਜੱਜਾਂ ਦਾ ਬੈਂਚ ਦੋਸ਼ ਸਿੱਧ ਹੋਣ ਖ਼ਿਲਾਫ਼ ਉਨ੍ਹਾਂ ਦੀ ਅਪੀਲ ’ਤੇ ਸੁਣਵਾਈ ਨਹੀਂ ਕਰ ਸਕਦਾ ਕਿਉਂਕਿ ਇਹ ਮਾਮਲਾ 2002 ਦੇ ਗੋਧਰਾ ਰੇਲ ਗੱਡੀ ਅਗਨੀ ਕਾਂਡ ’ਚ 11 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਨਾਲ ਸਬੰਧਤ ਹੈ। ਦਲੀਲ ’ਚ ਦਾਅਵਾ ਕੀਤਾ ਗਿਆ ਸੀ ਕਿ ਤਿੰਨ ਜੱਜਾਂ ਦਾ ਬੈਂਚ ਹੀ ਪਟੀਸ਼ਨ ’ਤੇ ਸੁਣਵਾਈ ਕਰ ਸਕਦਾ ਹੈ।
ਦੋ ਦੋਸ਼ੀਆਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਸੰਜੈ ਹੇਗੜੇ ਦੀ ਦਲੀਲ ਜਸਟਿਸ ਜੇਕੇ ਮਹੇਸ਼ਵਰੀ ਤੇ ਜਸਟਿਸ ਅਰਵਿੰਦ ਕੁਮਾਰ ਦੇ ਬੈਂਚ ਨੇ ਖਾਰਜ ਕਰ ਦਿੱਤੀ। ਬੈਂਚ ਨੇ ਸਿਖਰਲੀ ਅਦਾਲਤ ਦੇ ਪ੍ਰਸੰਗਿਕ ਨਿਯਮਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਤਿੰਨ ਜੱਜਾਂ ਦੇ ਬੈਂਚ ਨੇ ਉਨ੍ਹਾਂ ਮਾਮਲਿਆਂ ’ਚ ਅਪੀਲ ਸੁਣਨੀ ਹੁੰਦੀ ਹੈ ਜਿੱਥੇ ਹਾਈ ਕੋਰਟ ਨੇ ਜਾਂ ਤਾਂ ਮੌਤ ਦੀ ਸਜ਼ਾ ਦੀ ਪੁਸ਼ਟੀ ਕੀਤੀ ਹੋਵੇ ਜਾਂ ਧਿਰਾਂ ਦੀ ਅਪੀਲ ਸੁਣਨ ਮਗਰੋਂ ਫ਼ੈਸਲਾ ਦਿੱਤਾ ਹੋਵੇ। ਜਸਟਿਸ ਮਹੇਸ਼ਵਰੀ ਨੇ ਕਿਹਾ, ‘ਮੌਜੂਦਾ ਮਾਮਲੇ ’ਚ ਗੁਜਰਾਤ ਹਾਈ ਕੋਰਟ ਨੇ 11 ਦੋਸ਼ੀਆਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਦੀ ਸਜ਼ਾ ’ਚ ਤਬਦੀਲ ਕੀਤਾ ਸੀ ਅਤੇ ਮੌਤ ਦੀ ਸਜ਼ਾ ਨਹੀਂ ਦਿੱਤੀ ਸੀ। ਇਸ ਮਾਮਲੇ ’ਚ ਮੌਤ ਦੀ ਸਜ਼ਾ ਹੇਠਲੀ ਅਦਾਲਤ ਨੇ ਸੁਣਾਈ ਸੀ।’ ਉਨ੍ਹਾਂ ਇਹ ਵੀ ਕਿਹਾ ਕਿ ਨਿਯਮ ਤੇ ਸੁਪਰੀਮ ਕੋਰਟ ਦਾ ਫ਼ੈਸਲਾ ਮੌਜੂਦਾ ਮਾਮਲੇ ’ਚ ਇਸ ਗੱਲ ’ਤੇ ਰੋਕ ਨਹੀਂ ਲਾਉਂਦਾ ਕਿ ਦੋ ਜੱਜਾਂ ਦੇ ਬੈਂਚ ਨੂੰ ਅਪੀਲ ’ਤੇ ਸੁਣਵਾਈ ਨਹੀਂ ਕਰਨੀ ਚਾਹੀਦੀ। ਬੈਂਚ ਨੇ ਕਿਹਾ, ‘ਦਲੀਲ ਖਾਰਜ ਕੀਤੀ ਜਾਂਦੀ ਹੈ।’