ਸੋਲਨ : ਸ਼ੀਲਘਾਟ ਤੋਂ ਸ਼ਿਮਲਾ ਜਾ ਰਹੀ ਹਿਮਾਚਲ ਰੋਡ ਟਰਾਂਸਪੋਰਟ ਦੀ ਬੱਸ (HP03B6202) ਦੇ ਅੱਜ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਸਾਰਿਯਾਂਗ ਪਿੰਡ ਨੇੜੇ ਪਲਟਣ ਕਰਕੇ ਬੱਸ ਵਿਚ ਸਵਾਰ ਕਰੀਬ 17 ਮੁਸਾਫ਼ਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹਾਦਸੇ ਦੇ ਅਸਲ ਕਾਰਨਾਂ ਬਾਰੇ ਭਾਵੇਂ ਅਜੇ ਤੱਕ ਕੁਝ ਪਤਾ ਨਹੀਂ ਲੱਗਾ ਪਰ ਡਰਾਈਵਰ ਵੱਲੋਂ ਦਿੱਤੇ ਬਿਆਨ ਮੁਤਾਬਕ ਪ੍ਰੈੱਸ਼ਰ ਪਾਈਪ ਫਟਣ ਕਰਕੇ ਕਿਸੇ ਵੱਡੇ ਹਾਦਸੇ ਨੂੰ ਟਾਲਣ ਲਈ ਉਸ ਨੇ ਇਕ ਪਹਾੜ ਵਿਚ ਟੱਕਰ ਮਾਰੀ, ਜਿਸ ਕਰਕੇ ਬੱਸ ਪਲਟ ਗਈ।
ਸਰਕਾਘਾਟ ਦੇ ਡੀਐੱਸਪੀ ਸੰਦੀਪ ਸ਼ਰਮਾ ਨੇ ਕਿਹਾ ਕਿ ਰਾਹਤ ਤੇ ਬਚਾਅ ਕਾਰਜਾਂ ਲਈ ਐਂਬੂਲੈਂਸਾਂ ਮੌਕੇ ’ਤੇ ਭੇਜੀਆਂ ਗਈਆਂ ਹਨ। ਜ਼ਖ਼ਮੀਆਂ ਨੂੰ ਅਰਕੀ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਵਿਚੋਂ 3 ਤੋਂ 4 ਜਣਿਆਂ ਦੇ ਸਿਰ ਵਿਚ ਸੱੱਟ ਲੱਗੀ ਹੈ ਜਦੋਂਕਿ ਹੋਰਨਾਂ ਦੇ ਮਾਮੂਲੀ ਸੱਟਾਂ ਹਨ।