ਇਸਲਾਮਾਬਾਦ : ਭਾਰਤ ਵੱਲੋਂ ਸਿੰਧ ਜਲ ਸੰਧੀ ਮੁਅੱਤਲ ਕਰਨ ਦੇ ਇਕਪਾਸੜ ਫ਼ੈਸਲੇ ਖ਼ਿਲਾਫ਼ ਪਾਕਿਸਤਾਨ ਰਸਮੀ ਡਿਪਲੋਮੈਟਿਕ ਨੋਟਿਸ ਜਾਰੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ‘ਐਕਸਪ੍ਰੈੱਸ ਨਿਊਜ਼’ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਵਿਦੇਸ਼, ਕਾਨੂੰਨ ਅਤੇ ਜਲ ਸਰੋਤਾਂ ਬਾਰੇ ਮੰਤਰਾਲਿਆਂ ਨੇ ਮੀਟਿੰਗ ਕਰਕੇ ਇਸ ਸਬੰਧੀ ਫ਼ੈਸਲਾ ਲਿਆ ਹੈ। ਸੂਤਰਾਂ ਦੇ ਹਵਾਲੇ ਨਾਲ ਅਖ਼ਬਾਰ ਨੇ ਕਿਹਾ ਕਿ ਹੰਗਾਮੀ ਮੀਟਿੰਗ ਕਰਕੇ ਕਾਨੂੰਨੀ ਅਤੇ ਸੰਵਿਧਾਨਕ ਤੌਰ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਮਗਰੋਂ ਭਾਰਤ ਦੇ ਇਕਪਾਸੜ ਕਦਮ ਦਾ ਜਵਾਬ ਦੇਣ ਦਾ ਫ਼ੈਸਲਾ ਲਿਆ ਗਿਆ। ਪਹਿਲਗਾਮ ’ਚ 22 ਅਪਰੈਲ ਨੂੰ ਹੋਏ ਦਹਿਸ਼ਤੀ ਹਮਲੇ ਮਗਰੋਂ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ’ਚ ਹੋਰ ਨਿਘਾਰ ਆ ਗਿਆ ਸੀ ਅਤੇ ਭਾਰਤ ਨੇ ਜਲ ਸੰਧੀ ਮੁਅੱਤਲ ਕਰਨ ਸਮੇਤ ਹੋਰ ਕਈ ਸਖ਼ਤ ਕਦਮ ਚੁੱਕਣ ਦਾ ਐਲਾਨ ਕੀਤਾ ਸੀ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਆਉਂਦੇ ਦਿਨਾਂ ’ਚ ਕੂਟਨੀਤਕ ਚੈਨਲਾਂ ਰਾਹੀਂ ਭਾਰਤ ਨੂੰ ਰਸਮੀ ਨੋਟਿਸ ਜਾਰੀ ਕੀਤਾ ਜਾਵੇਗਾ। ਸਿੰਧ ਕਮਿਸ਼ਨ ਦੇ ਸੂਤਰਾਂ ਨੇ ਕਿਹਾ ਕਿ ਨੋਟਿਸ ’ਚ ਭਾਰਤ ਤੋਂ ਵਿਸਥਾਰ ਨਾਲ ਸਪੱਸ਼ਟੀਕਰਨ ਮੰਗਿਆ ਜਾਵੇਗਾ। ਇਸ ਤੋਂ ਇਲਾਵਾ ਆਲਮੀ ਮੰਚਾਂ ’ਤੇ ਵੀ ਰਸਮੀ ਵਿਰੋਧ ਦਰਜ ਕਰਾਉਣ ਬਾਰੇ ਵੀ ਵਿਚਾਰਾਂ ਚੱਲ ਰਹੀਆਂ ਹਨ। ਪਾਕਿਸਤਾਨ ਦਾ ਮੰਨਣਾ ਹੈ ਕਿ ਉਹ ਕਾਨੂੰਨੀ ਚਾਰਾਜੋਈ ਰਾਹੀਂ ਭਾਰਤ ਨੂੰ ਆਪਣੇ ਫ਼ੈਸਲੇ ’ਤੇ ਵਿਚਾਰ ਕਰਨ ਲਈ ਮਜਬੂਰ ਕਰ ਦੇਵੇਗਾ। ‘ਐਕਸਪ੍ਰੈੱਸ ਨਿਊਜ਼’ ਨੇ ਕਿਹਾ ਕਿ ਸੰਘੀ ਕੈਬਨਿਟ ਤੋਂ ਮਨਜ਼ੂਰੀ ਮਿਲਣ ਮਗਰੋਂ ਸਾਰੇ ਕਦਮ ਚੁੱਕੇ ਜਾਣਗੇ।
Posted inNews