ਨਰਵਾਣਾ (ਜੀਂਦ) : ਨਰਵਾਨਾ ਵਿਚ ਸ਼ੇਅਰ ਮਾਰਕੀਟ ’ਚ ਨਿਵੇਸ਼ ਕਰਵਾ ਕੇ ਵੱਡਾ ਮੁਨਾਫਾ ਕਮਾਉਣ ਦਾ ਝਾਂਸਾ ਦੇ ਕੇ ਇਕ ਰਿਟਾਇਰਡ ਬੈਂਕ ਕਰਮਚਾਰੀ ਨਾਲ 2 ਕਰੋੜ 31 ਲੱਖ ਰੁਪਏ ਦੀ ਸਾਈਬਰ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਦੀ ਸ਼ਿਕਾਇਤ ’ਤੇ ਸਾਈਬਰ ਥਾਣਾ ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਭਗਤ ਸਿੰਘ ਚੌਕ ਵਾਸੀ ਸੁਰੇਸ਼ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਬੈਂਕ ਤੋਂ ਰਿਟਾਇਰ ਹੋਇਆ ਹੈ। 10 ਅਪਰੈਲ ਨੂੰ ਉਨ੍ਹਾਂ ਦੇ ਵਾਟਸਐਪ ’ਤੇ ਰਮੇਸ਼ ਨਾਮ ਤੋਂ ਮੈਸੇਜ ਆਇਆ। ਸੁਰੇਸ਼ ਨੇ ਉਸ ਨੂੰ ਆਪਣਾ ਪੁਰਾਣਾ ਦੋਸਤ ਰਮੇਸ਼ ਚੌਧਰੀ ਸਮਝ ਕੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਅੱਗੇ ਜਾ ਕੇ ਉਸ ਵਿਅਕਤੀ ਨੇ ਸੁਰੇਸ਼ ਨੂੰ ਸ਼ੇਅਰ ਬਰੋਕਰ ਅਨੂਪ ਮਹਿਰਾ ਦਾ ਨੰਬਰ ਭੇਜਿਆ ਅਤੇ ਸ਼ੇਅਰ ਮਾਰਕੀਟ ’ਚ ਮੁਨਾਫਾ ਕਮਾਉਣ ਦੀ ਗੱਲ ਕੀਤੀ।
ਉਨ੍ਹਾਂ ਅੱਗੇ ਕਿਹਾ ਕਿ ਬ੍ਰੋਕਰ ਨੇ ਪਹਿਲਾਂ ਹੋਏ ਮੁਨਾਫੇ ਦੇ ਸਕਰੀਨਸ਼ਾਟ ਭੇਜੇ ਅਤੇ ਇਕ ਐਪ ਡਾਊਨਲੋਡ ਕਰਨ ਲਈ ਕਿਹਾ। ਐਪ ਰਾਹੀਂ ਰਜਿਸਟ੍ਰੇਸ਼ਨ ਹੋਣ ਤੋਂ ਬਾਅਦ ਸੁਰੇਸ਼ ਨੇ 16 ਅਪਰੈਲ ਤੋਂ 9 ਮਈ ਦੇ ਵਕਫੇ ਦੌਰਾਨ NEFT ਰਾਹੀਂ 50 ਹਜ਼ਾਰ ਤੋਂ ਲੈ ਕੇ 4.70 ਲੱਖ ਰੁਪਏ ਤੱਕ ਦੀ ਰਕਮ ਨਿਵੇਸ਼ ਕੀਤੀ। ਕੁੱਲ ਮਿਲਾ ਕੇ ਸੁਰੇਸ਼ 2.31 ਕਰੋੜ ਰੁਪਏ ਦਾ ਨਿਵੇਸ਼ ਕਰ ਚੁੱਕੇ ਸਨ ਅਤੇ ਸਾਈਟ ’ਤੇ ਉਨ੍ਹਾਂ ਨੂੰ ਲਗਾਤਾਰ ਮੁਨਾਫਾ ਦਿਖਾਇਆ ਜਾਂਦਾ ਰਿਹਾ।
9 ਮਈ ਨੂੰ ਜਦ ਸੁਰੇਸ਼ ਨੇ ਆਪਣੀ ਰਕਮ ਕੱਢਣੀ ਚਾਹੀ ਤਾਂ ਉਸ ਤੋਂ ਨਫੇ਼ ਦਾ 20 ਫੀਸਦੀ (1,66,821 ਰੁਪਏ) ਚਾਰਜ ਦੇਣ ਲਈ ਕਿਹਾ ਗਿਆ, ਜਿਸ ਤੋਂ ਉਸ(ਸੁਰੇਸ਼) ਨੂੰ ਠਗੀ ਹੋਣ ਦਾ ਸ਼ੱਕ ਹੋਇਆ। ਇਸ ਉਪਰੰਤ ਸੁਰੇਸ਼ ਨੇ ਤੁਰੰਤ ਸਾਈਬਰ ਥਾਣਾ ’ਚ ਸ਼ਿਕਾਇਤ ਦਰਜ ਕਰਵਾਈ।
ਜਾਂਚ ਅਧਿਕਾਰੀ ਅਮਿਤ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਪੋਰਟਲ ਰਾਹੀਂ ਮਿਲੀ ਸੀ ਅਤੇ ਅਣਪਛਾਤੇ ਵਿਅਕਤੀ ਖ਼ਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਅਪੀਲ ਕੀਤੀ ਅਣਜਾਣ ਸਰੋਤਾਂ ਤੋਂ ਆਏ ਨਿਵੇਸ਼ ਪ੍ਰਸਤਾਵਾਂ ਤੋਂ ਸਾਵਧਾਨ ਰਹੋ ਅਤੇ ਬਿਨਾਂ ਪੁਸ਼ਟੀ ਕਿਸੇ ਵੀ ਲਿੰਕ ਜਾਂ ਐਪ ਨੂੰ ਡਾਊਨਲੋਡ ਨਾ ਕਰੋ।