ਪੰਜਾਬ ਵਿਚ ਸਕੂਲ ਬੰਦ, ਪਾਕਿਸਤਾਨ ਉਤੇ ਹਮਲੇ ਪਿੱਛੋਂ ਵਧਾਈ ਚੌਕਸੀ, ਇਨ੍ਹਾਂ ਜ਼ਿਲ੍ਹਿਆਂ ‘ਚ ਲਿਆ ਫੈਸਲਾ

ਪੰਜਾਬ ਵਿਚ ਸਕੂਲ ਬੰਦ, ਪਾਕਿਸਤਾਨ ਉਤੇ ਹਮਲੇ ਪਿੱਛੋਂ ਵਧਾਈ ਚੌਕਸੀ, ਇਨ੍ਹਾਂ ਜ਼ਿਲ੍ਹਿਆਂ ‘ਚ ਲਿਆ ਫੈਸਲਾ

Operation Sindoor- ਭਾਰਤ ਵੱਲੋਂ ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ ਵਿਚ ਦਹਿਸ਼ਤੀ ਟਿਕਾਣਿਆਂ ਖਿਲਾਫ਼ ਕੀਤੇ ‘ਅਪਰੇਸ਼ਨ ਸਿੰਦੂਰ’ ਮਗਰੋਂ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਚੌਕਸੀ ਵਧਾ ਦਿੱਤੀ ਗਈ ਹੈ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਕੁਝ ਉਡਾਣਾਂ ਰੱਦ ਜਦੋਂਕਿ ਕੁਝ ਨੂੰ ਹੋਰਨਾਂ ਥਾਵਾਂ ’ਤੇ ਡਾਇਵਰਟ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਦਾ ਹਵਾਈ ਅੱਡਾ ਭਾਰਤ ਪਾਕਿ ਸਰਹੱਦ ਤੋਂ ਮਹਿਜ਼ 20 ਕਿਲੋਮੀਟਰ ਦੀ ਦੂਰੀ ’ਤੇ ਹੈ। ਪੰਜਾਬ ਦੇ ਕਈ ਸਰਹੱਦੀ ਜ਼ਿਲ੍ਹਿਆਂ ਵਿਚ ਸਕੂਲ ਬੰਦ ਕਰ ਦਿੱਤੇ ਹਨ। ਪੰਜਾਬ ਦੇ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਫਾਜ਼ਿਲਕਾ, ਪਠਾਨਕੋਟ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ। ਇਹ ਫੈਸਲਾ ਡਿਪਟੀ ਕਮਿਸ਼ਨਰ ਵੱਲੋਂ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਹੈ। ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਦੇ ਹੋਰ ਸਰਹੱਦੀ ਜ਼ਿਲ੍ਹਿਆਂ ਵਿਚ ਵੀ ਅਜਿਹਾ ਫੈਸਲਾ ਲਿਆ ਦਾ ਸਕਦਾ ਹੈ। ਉਧਰ, ਭਾਰਤੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਸਾਵਧਾਨੀ ਦੇ ਤੌਰ ਉਤੇ ਬੁੱਧਵਾਰ ਨੂੰ ਸਾਰੇ ਸਕੂਲ ਅਤੇ ਕਾਲਜ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਹ ਐਲਾਨ ਖੁਦ ਪੰਜਾਬ ਸੂਬੇ ਦੇ ਮੁੱਖ ਮੰਤਰੀ ਨੇ ਕੀਤਾ ਹੈ।ਪਾਕਿਸਤਾਨੀ ਪੰਜਾਬ ਵਿਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਭਾਰਤੀ ਫੌਜ ਨੇ ਮੰਗਲਵਾਰ ਅਤੇ ਬੁੱਧਵਾਰ ਦੀ ਅੱਧੀ ਰਾਤ ਨੂੰ ਪੀਓਕੇ ਵਿੱਚ ਹਵਾਈ ਹਮਲਾ ਕਰਕੇ ਆਪ੍ਰੇਸ਼ਨ ਸਿੰਦੂਰ ਨੂੰ ਅੰਜਾਮ ਦਿੱਤਾ। ਫੌਜ ਨੇ ਬਹਾਵਲਪੁਰ ਵਿੱਚ ਸਥਿਤ ਜੈਸ਼-ਏ-ਮੁਹੰਮਦ ਦੇ ਮੁੱਖ ਦਫਤਰ ਨੂੰ ਵੀ ਤਬਾਹ ਕਰ ਦਿੱਤਾ ਹੈ। ਜੈਸ਼ ਦਾ ਮੁੱਖ ਦਫਤਰ ਲਗਭਗ 200 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ। ਇਸ ਵਿੱਚ ਇੱਕ ਮਸਜਿਦ, ਸਕੂਲ, ਹਸਪਤਾਲ, ਫਾਰਮ ਅਤੇ ਇੱਕ ਸਿਖਲਾਈ ਕੈਂਪ ਵੀ ਸੀ, ਜਿਨ੍ਹਾਂ ਨੂੰ ਫੌਜ ਨੇ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਲਗਭਗ 70 ਅੱਤਵਾਦੀ ਮਾਰੇ ਗਏ ਹਨ। 50 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਭਾਰਤੀ ਫੌਜ ਨੇ ਬਿਆਨ ਵਿਚ ਕਿਹਾ, ‘‘ਇਹ ਕਦਮ ਪਹਿਲਗਾਮ ਦਹਿਸ਼ਤੀ ਹਮਲੇ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ, ਜਿਸ ਵਿਚ 25 ਭਾਰਤੀਆਂ ਅਤੇ ਇਕ ਨੇਪਾਲੀ ਨਾਗਰਿਕ ਦੀ ਹੱਤਿਆ ਕਰ ਦਿੱਤੀ ਗਈ ਸੀ।’’ ਬਿਆਨ ਵਿਚ ਕਿਹਾ ਗਿਆ, ‘‘ਅਸੀਂ ਇਸ ਵਚਨਬੱਧਤਾ ਉਤੇ ਖਰੇ ਉਤਰ ਰਹੇ ਹਾਂ ਕਿ ਇਸ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ।’’ ਇਸ ਮਾਮਲੇ ਤੋਂ ਜਾਣੂ ਲੋਕਾਂ ਨੇ ਕਿਹਾ ਕਿ ਭਾਰਤ ਦੇ ਉੱਚ ਫੌਜੀ ਅਧਿਕਾਰੀ ਇਸ ਕਾਰਵਾਈ ‘ਤੇ ਨੇੜਿਓਂ ਨਜ਼ਰ ਰੱਖ ਰਹੇ ਸਨ।

Share: