ਮਾਪਿਆਂ ਦਾ ਮਾਣ /ਬੱਲੇ ਨੀ ਪੰਜਾਬ ਦੀਓ ਸ਼ੇਰ ਬੱਚੀਓ..!

ਮਾਪਿਆਂ ਦਾ ਮਾਣ /ਬੱਲੇ ਨੀ ਪੰਜਾਬ ਦੀਓ ਸ਼ੇਰ ਬੱਚੀਓ..!

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਦੌਰਾਨ ਮੈਰਿਟ ਸੂਚੀ ’ਚ ਧੀਆਂ ਨੇ ਪੰਜਾਬ ਦਾ ਮਾਣ ਵਧਾਇਆ ਹੈ। ਘਰਾਂ ਦੀ ਤੰਗੀ ਤੁਰਸ਼ੀ ਇਨ੍ਹਾਂ ਕੁੜੀਆਂ ਦਾ ਰਾਹ ਨਹੀਂ ਰੋਕ ਸਕੀ ਹੈ। ਮੈਰਿਟ ’ਚ ਚਮਕੀ ਹਰ ਧੀ ਦੀ ਘਰੇਲੂ ਦਾਸਤਾਂ ਦਿਲ ਹਿਲਾਊ ਹੈ। ਮੈਰਿਟ ਸੂਚੀ ’ਚ 300 ਬੱਚਿਆਂ ਨੇ ਸਥਾਨ ਹਾਸਲ ਕੀਤੇ ਹਨ ਜਿਨ੍ਹਾਂ ਵਿੱਚੋਂ 83 ਫ਼ੀਸਦੀ ਕੁੜੀਆਂ ਹਨ। ਤਲਵਾੜਾ ਦਾ ਮੈਰੀਟੋਰੀਅਸ ਸਕੂਲ ਸਮੁੱਚੇ ਪੰਜਾਬ ਵਿੱਚੋਂ ਅੱਵਲ ਸਥਾਨ ’ਤੇ ਹੈ ਜਿੱਥੋਂ ਦੀਆਂ 11 ਕੁੜੀਆਂ ਨੇ ਮੈਰਿਟ ’ਚ ਥਾਂ ਮੱਲੀ ਹੈ। ਦੂਜੇ ਨੰਬਰ ’ਤੇ ਫ਼ਰੀਦਕੋਟ ਦੇ ਪਿੰਡ ਕੋਟਸੁਖੀਆ ਦਾ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਹੈ, ਜਿਸ ਦੀਆਂ 10 ਵਿਦਿਆਰਥਣਾਂ ਦੇ ਨਾਂ ਮੈਰਿਟ ਸੂਚੀ ’ਚ ਸ਼ਾਮਲ ਹਨ। ਕੋਟਸੁਖੀਆ ਸਕੂਲ ਦੀ ਵਿਦਿਆਰਥਣ ਅਕਸ਼ਨੂਰ ਕੌਰ ਨੇ ਪੰਜਾਬ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਮੈਰਿਟ ਸੂਚੀ ਵਿੱਚ ਆਈਆਂ ਕੁੜੀਆਂ ਵਿੱਚੋੋਂ ਕੋਈ ਕਿਸਾਨ ਦੀ ਧੀ ਹੈ ਅਤੇ ਕੋਈ ਮਜ਼ਦੂਰ ਦੀ। ਪੰਜਾਬ ਦੀ ਮੈਰਿਟ ਸੂਚੀ ਵਿੱਚ 44 ਲੜਕੇ ਅਤੇ 256 ਲੜਕੀਆਂ ਦੇ ਨਾਂ ਸ਼ਾਮਲ ਹਨ। ਮੁਹਾਲੀ ਇਕਲੌਤਾ ਜ਼ਿਲ੍ਹਾ ਹੈ ਜਿੱਥੇ ਅਧਿਆਪਕਾਂ ਦੀਆਂ ਅਸਾਮੀਆਂ ਸਮੁੱਚੇ ਜ਼ਿਲ੍ਹਿਆਂ ਦੇ ਮੁਕਾਬਲੇ ਸਭ ਤੋਂ ਘੱਟ ਖਾਲੀ ਹਨ ਪਰ ਇਹ ਮੈਰਿਟ ਸੂਚੀ ਵਿੱਚ ਫਾਡੀ ਰਿਹਾ ਹੈ ਅਤੇ ਸਿਰਫ਼ ਇੱਕ ਵਿਦਿਆਰਥੀ ਮੈਰਿਟ ਸੂਚੀ ਵਿੱਚ ਥਾਂ ਬਣਾ ਸਕਿਆ ਹੈ। ਜਿਹੜੇ ਜ਼ਿਲ੍ਹਿਆਂ ਵਿੱਚ ਅਸਾਮੀਆਂ ਵੀ ਪੂਰੀਆਂ ਭਰੀਆਂ ਨਹੀਂ, ਉਨ੍ਹਾਂ ਸਕੂਲਾਂ ਦੀ ਕਾਰਗੁਜ਼ਾਰੀ ਵਧੀਆ ਹੈ। ਜ਼ਿਲ੍ਹਾ ਫ਼ਾਜ਼ਿਲਕਾ ਮੈਰਿਟ ਸੂਚੀ ਵਿੱਚ ਪੰਜਾਬ ਵਿੱਚੋਂ ਪੰਜਵੇਂ ਨੰਬਰ ਹੈ ਜਿੱਥੋਂ ਦੇ 17 ਬੱਚੇ ਮੈਰਿਟ ਸੂਚੀ ਵਿੱਚ ਆਏ ਹਨ। ਲੁਧਿਆਣਾ ਨੰਬਰ ਇੱਕ ’ਤੇ ਹੈ, ਜਿਸ ਦੇ 52 ਬੱਚੇ ਮੈਰਿਟ ਵਿੱਚ ਆਏ ਹਨ। ਤਲਵਾੜਾ ਦਾ ਮੈਰੀਟੋਰੀਅਸ ਸਕੂਲ ਇਸ ਗੱਲ ਦਾ ਪ੍ਰਮਾਣ ਹੈ ਕਿ ਕਿਸਾਨਾਂ ਤੇ ਮਜ਼ਦੂਰਾਂ ਦੇ ਬੱਚੇ ਹੀ ਅਸਲ ’ਚ ਪਾਰਸ ਹਨ।

ਇਸ ਸਕੂਲ ਦੀਆਂ ਮੈਰਿਟ ਵਿੱਚ ਆਈਆਂ 11 ਕੁੜੀਆਂ ਵਿੱਚੋਂ ਦੋ ਕਿਸਾਨ ਪਰਿਵਾਰਾਂ ਵਿੱਚੋਂ ਜਦੋਂਕਿ ਛੇ ਦੇ ਬਾਪ ਮਜ਼ਦੂਰੀ ਕਰਦੇ ਹਨ ਜਦਕਿ ਇੱਕ ਦੁਕਾਨਦਾਰ ਦੀ ਧੀ ਹੈ।

ਇਸ ਸਕੂਲ ਦੀ ਮਜ਼ਦੂਰ ਸ਼ਲੈਂਦਰ ਕੁਮਾਰ ਦੀ ਧੀ ਸੁਰੇਖਾ ਨੇ ਮੈਰਿਟ ਸੂਚੀ ਵਿੱਚ 11ਵਾਂ ਸਥਾਨ ਹਾਸਲ ਕੀਤਾ ਹੈ ਜਦੋਂਕਿ ਕਿਸਾਨ ਗੁਰਪ੍ਰੀਤ ਸਿੰਘ ਦੀ ਧੀ ਮਹਿਕਪ੍ਰੀਤ ਕੌਰ ਨੇ ਦਸਵਾਂ ਥਾਂ ਹਾਸਲ ਕੀਤਾ ਹੈ। ਸਟੇਟ ਰੈਂਕ ਵਿੱਚ ਪਹਿਲੇ 22 ਰੈਂਕਾਂ ਵਿੱਚ 11 ਬੱਚੇ ਤਲਵਾੜਾ ਸਕੂਲ ਦੇ ਹਨ। ਇਸ ਸਕੂਲ ਵਿੱਚ 15 ਵਿੱਚੋਂ ਚਾਰ ਅਸਾਮੀਆਂ ਖਾਲੀ ਹਨ। ਗਣਿਤ ਵਿਸ਼ੇ ਦਾ ਕੋਈ ਅਧਿਆਪਕ ਹੀ ਨਹੀਂ ਅਤੇ ਪੰਜਾਬੀ ਦੀ ਇੱਕ ਆਸਾਮੀ ਵੀ ਖਾਲੀ ਪਈ ਹੈ। ਇਸ ਸਕੂਲ ਦਾ ਹਰ ਚੌਥਾ ਬੱਚਾ ਮੈਰਿਟ ਵਿੱਚ ਆਇਆ ਹੈ ਕਿਉਂਕਿ ਦਸਵੀਂ ਜਮਾਤ ’ਚ ਕੁੱਲ 41 ਵਿਦਿਆਰਥਣਾਂ ਸਨ।

ਵੇਰਵਿਆਂ ਅਨੁਸਾਰ ਕੋਟ ਸੁਖੀਆ ਸਕੂਲ ਦੇ 10 ਬੱਚੇ ਮੈਰਿਟ ਵਿੱਚ ਆਏ ਹਨ, ਜਿਨ੍ਹਾਂ ’ਚੋਂ ਪੰਜ ਕਿਸਾਨ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ ਜਦੋਂਕਿ ਸਿਮਰਨਜੀਤ ਕੌਰ ਡਰਾਈਵਰ ਜਦਕਿ ਆਕਾਸ਼ਦੀਪ ਕੌਰ ਮਕੈਨਿਕ ਦੀ ਧੀ ਹੈ। ਮੈਰਿਟ ਲਿਸਟ ’ਤੇ ਨਜ਼ਰ ਮਾਰੀਏ ਤਾਂ ਅਧਿਆਪਕਾਂ ਤੋਂ ਸੱਖਣੇ ਅਤੇ ਪਛੜੇ ਸਮਝੇ ਜਾਂਦੇ ਜ਼ਿਲ੍ਹਾ ਮਾਨਸਾ ਦੇ 14 ਬੱਚੇ ਮੈਰਿਟ ਵਿੱਚ ਆਏ ਹਨ ਅਤੇ ਇਹ ਜਸ ਧੀਆਂ ਦੇ ਹਿੱਸੇ ਆਇਆ ਹੈ। ਇਸੇ ਤਰ੍ਹਾਂ ਫ਼ਿਰੋਜ਼ਪੁਰ, ਮੁਕਤਸਰ ਅਤੇ ਕਪੂਰਥਲਾ ਜ਼ਿਲ੍ਹੇ ਵਿੱਚੋਂ ਸਿਰਫ਼ ਲੜਕੀਆਂ ਨੇ ਹੀ ਮੈਰਿਟ ਸੂਚੀ ਵਿੱਚ ਥਾਂ ਬਣਾਈ ਹੈ।

ਹੁਣ ਕਿਸੇ ਪ੍ਰਮਾਣ ਦੀ ਲੋੜ ਨਹੀਂ: ਸੂਬਾ ਪ੍ਰਧਾਨ

ਮੈਰੀਟੋਰੀਅਸ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਟੀਨਾ ਦਾ ਕਹਿਣਾ ਸੀ ਕਿ ਮੈਰੀਟੋਰੀਅਸ ਸਕੂਲਾਂ ਦੇ ਨਤੀਜੇ ਇਨ੍ਹਾਂ ਸਕੂਲਾਂ ਦੀ ਕਾਰਗੁਜ਼ਾਰੀ ਦਾ ਪ੍ਰਤੱਖ ਪ੍ਰਮਾਣ ਹਨ ਪਰ ਸਰਕਾਰਾਂ ਨੇ ਇਨ੍ਹਾਂ ਸਕੂਲਾਂ ਦੇ ਅਧਿਆਪਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ ਅਤੇ ਹਾਲੇ ਤੱਕ ਰੈਗੂਲਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਹੁਣ ਇਨ੍ਹਾਂ ਸਕੂਲਾਂ ਦੇ ਅਧਿਆਪਕਾਂ ਦੀ ਹੋਰ ਪ੍ਰੀਖਿਆ ਨਹੀਂ ਲੈਣੀ ਚਾਹੀਦੀ।

Share: