ਨਵੀਂ ਦਿੱਲੀ : ਯੋਗ ਗੁਰੂ ਦੇ ਨਾਮ ਨਾਲ ਜਾਣੇ ਜਾਂਦੇ ਰਾਮਦੇਵ ਨੇ ਅੱਜ ਦਿੱਲੀ ਹਾਈ ਕੋਰਟ ਵਿੱਚ ਹਲਫ਼ਨਾਮਾ ਦਾਇਰ ਕੀਤਾ ਹੈ ਕਿ ਉਹ ਹਮਦਰਦ ਦੇ ਸ਼ਰਬਤ ਰੂਹ ਅਫ਼ਜ਼ਾ ਖ਼ਿਲਾਫ਼ ਆਪਣੀ ‘ਸ਼ਰਬਤ ਜਹਾਦ’ ਟਿੱਪਣੀ ਵਰਗਾ ਕੋਈ ਇਤਰਾਜ਼ਯੋਗ ਬਿਆਨ ਜਾਰੀ ਨਹੀਂ ਕਰਨਗੇ ਅਤੇ ਨਾ ਹੀ ਸੋਸ਼ਲ ਮੀਡੀਆ ’ਤੇ ਕੋਈ ਪੋਸਟ ਪਾਉਣਗੇ। ਪਹਿਲੀ ਮਈ ਨੂੰ ਵਿਵਾਦਤ ਆਨਲਾਈਨ ਸਮੱਗਰੀ ਹਟਾਉਣ ਦਾ ਨਿਰਦੇਸ਼ ਦੇਣ ਵਾਲੇ ਜਸਟਿਸ ਅਮਿਤ ਬਾਂਸਲ ਨੇ ਰਾਮਦੇਵ ਦੇ ਵਕੀਲ ਨੂੰ ਅੱਜ ਹਲਫ਼ਨਾਮਾ ਦਾਇਰ ਕਰਨ ਨੂੰ ਕਿਹਾ। ਰਾਮਦੇਵ ਦੀ ਪਤੰਜਲੀ ਫੂਡਜ਼ ਲਿਮਿਟਡ ਨੇ ਵੀ ਇਸੇ ਤਰ੍ਹਾਂ ਦਾ ਸਹੁੰ ਪੱਤਰ ਦਿੱਤਾ ਸੀ। ਅਦਾਲਤ ਨੇ ਇਹ ਆਦੇਸ਼ ‘ਹਮਦਰਦ ਨੈਸ਼ਨਲ ਫਾਊਂਡੇਸ਼ਨ ਇੰਡੀਆ’ ਵੱਲੋਂ ਰਾਮਦੇਵ ਤੇ ਉਨ੍ਹਾਂ ਦੀ ਪਤੰਜਲੀ ਫੂਡਜ਼ ਲਿਮਿਟਡ ਖ਼ਿਲਾਫ਼ ਵਿਵਾਦਤ ਟਿੱਪਣੀ ਨੂੰ ਲੈ ਕੇ ਦਾਇਰ ਮੁਕੱਦਮੇ ਦੀ ਸੁਣਵਾਈ ਦੌਰਾਨ ਦਿੱਤਾ।
ਹਮਦਰਦ ਨੇ ਦਾਅਵਾ ਕੀਤਾ ਕਿ ਪਤੰਜਲੀ ਦੇ ‘ਗੁਲਾਬ ਸ਼ਰਬਤ’ ਦਾ ਪ੍ਰਚਾਰ ਕਰਦੇ ਹੋਏ ਰਾਮਦੇਵ ਨੇ ਦੋਸ਼ ਲਗਾਇਆ ਹੈ ਕਿ ਹਮਦਰਦ ਦੇ ਰੂਹ ਅਫ਼ਜ਼ਾ ਤੋਂ ਹੁੰਦੀ ਕਮਾਈ ਦੀ ਵਰਤੋਂ ਮਦਰੱਸਿਆਂ ਤੇ ਮਸਜਿਦਾਂ ਲਈ ਕੀਤੀ ਜਾਂਦੀ ਹੈ। ਦੂਜੇ ਪਾਸੇ ਰਾਮਦੇਵ ਦੇ ਵਕੀਲ ਨੇ ਕਿਹਾ ਕਿ ਉਹ ਅਦਾਲਤ ਦਾ ਸਨਮਾਨ ਕਰਦੇ ਹਨ ਅਤੇ ਉਸ ਦੇ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ।