ਮਨਾਮਾ : ਭਾਰਤੀ ਸੰਸਦ ਮੈਂਬਰਾਂ ਦੇ ਇੱਕ ਸਰਬ ਪਾਰਟੀ ਵਫ਼ਦ ਨੇ ਅੱਜ ਬਹਿਰੀਨ ਦੇ ਉਪ ਪ੍ਰਧਾਨ ਮੰਤਰੀ ਸ਼ੇਖ ਖਾਲਿਦ ਬਿਨ ਅਬਦੁੱਲ੍ਹਾ ਅਲ ਖਲੀਫਾ ਨਾਲ ਮੁਲਾਕਾਤ ਕੀਤੀ ਅਤੇ ਅਤਿਵਾਦ ਖ਼ਿਲਾਫ਼ ਭਾਰਤ ਦੇ ਰੁਖ਼ ਬਾਰੇ ਚਰਚਾ ਕੀਤੀ। ਇਹ ਵਫ਼ਦ ਭਾਜਪਾ ਦੇ ਸੰਸਦ ਮੈਂਬਰ ਬੈਜਯੰਤ ਜੈ ਪਾਂਡਾ ਦੀ ਅਗਵਾਈ ਹੇਠ ਇੱਥੇ ਆਇਆ ਹੈ। ਪਾਂਡਾ ਨੇ ਐਕਸ ’ਤੇ ਇੱਕ ਪੋਸਟ ’ਚ ਕਿਹਾ, ‘ਭਾਰਤ ਤੇ ਬਹਿਰੀਨ ਵਿਚਾਲੇ ਭਰੋਸੇ, ਸਾਂਝੀਆਂ ਕਦਰਾਂ ਕੀਮਤਾਂ ਤੇ ਆਪਸੀ ਸਨਮਾਨ ’ਤੇ ਆਧਾਰਿਤ ਮਜ਼ਬੂਤ ਇਤਿਹਾਸਕ ਦੋਸਤੀ ਹੈ। ਅਤਿਵਾਦ ਖ਼ਿਲਾਫ਼ ਲੜਾਈ ’ਚ ਅਸੀਂ ਦੁਵੱਲੇ ਹਿੱਤਾਂ ਅਤੇ ਅਤਿਵਾਦ ਦੇ ਸਾਰੇ ਸਰੂਪਾਂ ਨਾਲ ਲੜਨ ਲਈ ਭਾਰਤ ਦੀ ਪ੍ਰਤੀਬੱਧਤਾ ਬਾਰੇ ਚਰਚਾ ਕੀਤੀ।’ ਇਹ ਮੁਲਾਕਾਤ ਬਹਿਰੀਨ ਦੀ ਰਾਜਧਾਨੀ ਮਨਾਮਾ ਦੇ ਗੁੜੇਬੀਆ ਪੈਲੇਸ ’ਚ ਹੋਈ। ਬਹਿਰੀਨ ’ਚ ਭਾਰਤੀ ਦੂਤਾਵਾਸ ਨੇ ਐਕਸ ’ਤੇ ਕਿਹਾ, ‘ਸਰਬ ਪਾਰਟੀ ਸੰਸਦ ਮੈਂਬਰਾਂ ਨੇ ਬਹਿਰੀਨ ਦੀ ਸੰਸਦ ’ਚ ਉੱਪਰਲੇ ਸਦਨ ਸ਼ੂਰਾ ਬਹਿਰੀਨ ਦੇ ਚੇਅਰਮੈਨ ਅਲੀ ਬਿਨ ਸਾਲੇਹ ਅਲ ਸਾਲੇਹ ਨਾਲ ਵੀ ਮੁਲਾਕਾਤ ਕੀਤੀ ਅਤੇ ਅਤਿਵਾਦ ਖ਼ਿਲਾਫ਼ ਲੜਨ ਤੇ ਦੁਵੱਲੇ ਸਬੰਧ ਮਜ਼ਬੂਤ ਕਰਨ ਦੇ ਭਾਰਤ ਦੇ ਅਹਿਦ ਨੂੰ ਉਭਾਰਿਆ।’
Posted inNews
ਸਰਬ ਪਾਰਟੀ ਵਫ਼ਦ ਵੱਲੋਂ ਬਹਿਰੀਨ ਦੇ ਉਪ ਪ੍ਰਧਾਨ ਮੰਤਰੀ ਨਾਲ ਮੁਲਾਕਾਤ

