ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਊਦੀ ਅਰਬ ਦੇ ਰਿਆਧ ਸਥਿਤ ਭਾਰਤੀ ਸਫਾਰਤਖਾਨੇ ਨੂੰ ਇੱਕ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਉੱਥੇ ਇੱਕ ਰੇਸਤਰਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਦੀ ਵਰਤੋਂ ਕੀਤੀ ਗਈ ਹੈ ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਇਸ ਲਈ ਭਾਰਤੀ ਸਫਾਰਤਖਾਨੇ ਵੱਲੋਂ ਇਹ ਮਾਮਲਾ ਸਬੰਧਤ ਸਰਕਾਰ ਕੋਲ ਉਠਾਇਆ ਜਾਵੇ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਸਿੱਖ ਸੰਸਥਾ ਵੱਲੋਂ ਭਾਰਤੀ ਦੂਤਾਵਾਸ ਅਤੇ ਕੇਂਦਰ ਸਰਕਾਰ ਨੂੰ ਇਸ ਸਬੰਧੀ ਇੱਕ ਪੱਤਰ ਭੇਜਿਆ ਗਿਆ ਹੈ ਤਾਂ ਜੋ ਉਹ ਸਾਊਦੀ ਅਰਬ ਦੇ ਸਬੰਧਤ ਅਧਿਕਾਰੀਆਂ ਅਤੇ ਰੈਸਟੋਰੈਂਟ ਦੇ ਮਾਲਕ ਕੋਲ ਸਿੱਖ ਸੰਸਥਾ ਦਾ ਸਖਤ ਇਤਰਾਜ਼ ਰੱਖਣ ਅਤੇ ਇਸ ਸਬੰਧੀ ਦਖਲ ਦੇਣ। ਇਸ ਸਬੰਧੀ ਉਥੋਂ ਦੇ ਸਥਾਨਕ ਸਿੱਖਾਂ ਵੱਲੋਂ ਸ਼੍ਰੋਮਣੀ ਕਮੇਟੀ ਕੋਲ ਇੱਕ ਸ਼ਿਕਾਇਤ ਪੱਤਰ ਭੇਜਿਆ ਗਿਆ ਹੈ ਜਿਸ ’ਤੇ ਵਿਚਾਰ ਕਰਨ ਤੋਂ ਬਾਅਦ ਸਿੱਖ ਸੰਸਥਾ ਵੱਲੋਂ ਇਸ ਮਾਮਲੇ ਨੂੰ ਕੇਂਦਰ ਸਰਕਾਰ ਕੋਲ ਅਗਲੇਰੀ ਕਾਰਵਾਈ ਵਾਸਤੇ ਭੇਜਿਆ ਗਿਆ ਹੈ। ਇਸ ਰੈਸਟੋਰੈਂਟ ਦਾ ਨਾਮ ਵੀ ਸਿੱਖ ਧਾਰਮਿਕ ਸਥਾਨ ਨਾਲ ਮਿਲਦਾ ਜੁਲਦਾ ਹੈ ਅਤੇ ਇਸ ਦਾ ਆਰਕੀਟੈਕਚਰ ਵੀ ਇਸੇ ਤਰ੍ਹਾਂ ਦਾ ਹੈ। ਇਸ ਇਮਾਰਤ ਦੇ ਅੰਦਰ ਅਤੇ ਬਾਹਰ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਦੀ ਵਰਤੋਂ ਕੀਤੀ ਗਈ ਹੈ ਜਦੋਂ ਕਿ ਇਸ ਰੈਸਟੋਰੈਂਟ ਦੇ ਅੰਦਰ ਮੀਟ, ਸ਼ਰਾਬ ਅਤੇ ਹੋਰ ਅਜਿਹੀਆਂ ਵਸਤਾਂ ਆਦਿ ਦਾ ਸੇਵਨ ਹੁੰਦਾ ਹੈ। ਇਸ ਇਮਾਰਤ ਵਿੱਚ ਸਿੱਖਾਂ ਦੇ ਧਾਰਮਿਕ ਸਥਾਨ ਦੀਆਂ ਤਸਵੀਰਾਂ ਨੂੰ ਵਪਾਰਕ ਹਿਤਾਂ ਲਈ ਵਰਤਿਆ ਗਿਆ ਹੈ ਜੋ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਹੈ। ਸਿੱਖ ਭਾਈਚਾਰੇ ਨੂੰ ਇਸ ’ਤੇ ਸਖਤ ਇਤਰਾਜ਼ ਹੈ ਕਿਉਂਕਿ ਇਹ ਸਿੱਖ ਸਿਧਾਂਤਾਂ, ਧਰਮ ਅਤੇ ਸਮੁੱਚੇ ਸਿੱਖ ਭਾਈਚਾਰੇ ਦਾ ਨਿਰਾਦਰ ਕਰਨ ਦੇ ਬਰਾਬਰ ਹੈ। ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਧਾਰਮਿਕ ਅਤੇ ਰੂਹਾਨੀ ਅਸਥਾਨ ਹੈ ਜਿੱਥੇ ਦੇਸ਼ ਵਿਦੇਸ਼ ਤੋਂ ਵਸਦੇ ਸਿੱਖ ਭਾਈਚਾਰੇ ਦੇ ਲੋਕ ਅਤੇ ਹੋਰ ਸ਼ਰਧਾਲੂ ਨਤਮਸਤਕ ਹੋਣ ਲਈ ਆਉਂਦੇ ਹਨ।
ਇਸ ਸਬੰਧ ਵਿੱਚ ਸਿੱਖ ਭਾਈਚਾਰੇ ਵੱਲੋਂ ਸ਼੍ਰੋਮਣੀ ਕਮੇਟੀ, ਸ੍ਰੀ ਅਕਾਲ ਤਖਤ ਅਤੇ ਪੰਜਾਬ ਸਰਕਾਰ ਕੋਲ ਵੀ ਸ਼ਿਕਾਇਤ ਭੇਜੀ ਗਈ ਹੈ। ਸਿੱਖ ਸੰਸਥਾ ਨੇ ਇਸ ਸਬੰਧ ਵਿੱਚ ਸਾਊਦੀ ਅਰਬ ਦੇ ਰਿਆਧ ਵਿਖੇ ਭਾਰਤੀ ਸਫਾਰਤਖਾਨੇ ਦੇ ਸਫੀਰ ਡਾ ਸੁਹੇਲ ਅਜਾਜ ਖਾਨ ਨੂੰ ਪੱਤਰ ਭੇਜਿਆ ਹੈ ਅਤੇ ਇਸ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਹੈ।