ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਦੇ ਧਰੁਵ ਰਾਠੀ ਨਾਂ ਦੇ ਯੂਟਿਊਬਰ ਵੱਲੋਂ ਗੁਰੂ ਗੋਬਿੰਦ ਸਿੰਘ ਅਤੇ ਚਾਰ ਸਾਹਿਬਜ਼ਾਦਿਆਂ ਬਾਰੇ ਏਆਈ ਨਾਲ ਤਿਆਰ ਕੀਤੀ ਐਨੀਮੇਸ਼ਨ ਵੀਡੀਓ ’ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਇਸ ਨੂੰ ਤੁਰੰਤ ਹਟਾਉਣ ਅਤੇ ਸਰਕਾਰ ਨੂੰ ਇਸ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਇਸ ਦੌਰਾਨ ਭਾਜਪਾ ਦੀ ਮਹਿਲਾ ਮੋਰਚਾ ਦੀ ਪ੍ਰਧਾਨ ਸ਼ਰੂਤੀ ਵਿੱਜ ਨੇ ਧਰੁਵ ਰਾਠੀ ਦੇ ਖਿਲਾਫ ਇੱਥੇ ਏਸੀਪੀ ਕੋਲ ਲਿਖਤੀ ਸ਼ਿਕਾਇਤ ਦਿੱਤੀ ਹੈ। ਇਸ ਤੋਂ ਪਹਿਲਾਂ ਅੱਜ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀਡੀਓ ਬਣਾਉਣ ਵਾਲੇ ਨੂੰ ਸਖ਼ਤ ਆਦੇਸ਼ ਕੀਤੇ ਕਿ ਉਹ ਇਸ ਨੂੰ ਤੁਰੰਤ ਹਟਾਏ ਕਿਉਂਕਿ ਸਿੱਖ ਧਰਮ ਵਿੱਚ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਪਰਿਵਾਰ ਬਾਰੇ ਕਿਸੇ ਵੀ ਕਿਰਦਾਰ ਦਾ ਫਿਲਮਾਂਕਣ ਨਹੀਂ ਕੀਤਾ ਜਾ ਸਕਦਾ। ਇਸ ਦੌਰਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਫ਼ਿਲਮ ਜਾਂ ਐਨੀਮੇਸ਼ਨ ਨਹੀਂ ਬਣਾਈ ਜਾ ਸਕਦੀ। ਇਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਮਤੇ ਪਾਸ ਕਰਕੇ ਪੂਰਨ ਤੌਰ ’ਤੇ ਰੋਕ ਲਗਾਈ ਹੋਈ ਹੈ। ਉਨ੍ਹਾਂ ਸਬੰਧਤ ਯੂਟਿਊਬਰ ਨੂੰ ਇਹ ਵੀਡੀਓ ਤੁਰੰਤ ਹਟਾਉਣ ਲਈ ਆਖਿਆ ਅਤੇ ਚਿਤਾਵਨੀ ਦਿੱਤੀ ਹੈ ਕਿ ਜੇ ਵੀਡੀਓ ਨਾ ਹਟਾਈ ਗਈ ਤਾਂ ਸ਼੍ਰੋਮਣੀ ਕਮੇਟੀ ਉਸ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਵੇਗੀ।
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯੂਟਿਊਬਰ ਰਾਠੀ ਖ਼ਿਲਾਫ਼ ਸ਼ਿਕਾਇਤ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਰਾਹੀਂ ਗੁਰੂ ਗੋਬਿੰਦ ਸਿੰਘ ਦੀ ਵੀਡੀਓ ਬਣਾਉਣ ’ਤੇ ਯੂਟਿਊਬਰ ਧਰੁਵ ਰਾਠੀ ਦੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਉਸ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਸਾਈਬਰ ਸੈੱਲ ਦਿੱਲੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਯੂਟਿਊਬਰ ਧਰੁਵ ਰਾਠੀ ਨੇ ‘ਦਿ ਸਿੱਖ ਵਾਰੀਅਰ ਟੂ ਟੈਰੀਫਾਈਡ ਦਾ ਮੁਗਲਜ਼’ ਨਾਂ ਦੀ ਵੀਡੀਓ ਆਪਣੇ ਚੈਨਲ ’ਤੇ ਅਪਲੋਡ ਕੀਤੀ ਹੈ। ਧਰੁਵ ਰਾਠੀ ਦੇ 1 ਕਰੋੜ ਤੋਂ ਜ਼ਿਆਦਾ ਫੋਲੋਅਰ ਹਨ। ਉਨ੍ਹਾਂ ਕਿਹਾ ਕਿ ਸਿੱਖ ਸਿਧਾਂਤਾਂ ਮੁਤਾਬਕ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਜਾਂ ਵੀਡੀਓ ਇਸ ਤਰੀਕੇ ਨਾਲ ਵਿਖਾਉਣ ’ਤੇ ਸਖ਼ਤ ਮਨਾਹੀ ਹੈ ਪਰ ਰਾਠੀ ਨੇ ਬਗੈਰ ਸਿੱਖ ਸੰਸਥਾਵਾਂ ਤੋਂ ਪ੍ਰਵਾਨਗੀ ਲਏ ਅਜਿਹੀ ਵੀਡੀਓ ਪੋਸਟ ਕੀਤੀ ਹੈ। ਇਸ ਕਾਰਨ ਸਮੁੱਚੇ ਸਿੱਖ ਜਗਤ ਵਿੱਚ ਰੋਸ ਹੈ। ਉਨ੍ਹਾਂ ਕਿਹਾ ਕਿ ਰਾਠੀ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਹੋਣੀ ਚਾਹੀਦੀ ਹੈ।
ਰਾਠੀ ਵੱਲੋਂ ਵੀਡੀਓ ਨੂੰ ਹਟਾਉਣ ਦਾ ਦਾਅਵਾ
ਧਰੁਵ ਰਾਠੀ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਵਿੱਚ ਇਸ ਸਬੰਧੀ ਵੀਡੀਓ ਨੂੰ ਹਟਾਉਣ ਦਾ ਦਾਅਵਾ ਕੀਤਾ ਹੈ। ਉਸ ਨੇ ਆਖਿਆ ਕਿ ਉਸ ਦਾ ਮਕਸਦ ਕੋਈ ਵਿਵਾਦ ਪੈਦਾ ਕਰਨਾ ਨਹੀਂ ਸੀ।