ਦਰਭੰਗਾ/ਪਟਨਾ (ਬਿਹਾਰ) : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੀ ਵਾਂਝੀ ਆਬਾਦੀ ਦੇ ਡਰ ਕਾਰਨ ਜਾਤੀ ਆਧਾਰਿਤ ਗਣਨਾ ਕਰਾਉਣ ਲਈ ਸਹਿਮਤ ਹੋਏ ਹਨ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਇਹ ਟਿੱਪਣੀ ਬਿਹਾਰ ਦੇ ਦਰਭੰਗਾ ਜ਼ਿਲ੍ਹੇ ’ਚ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਕੀਤੀ। ਸਥਾਨਕ ਪ੍ਰਸ਼ਾਸਨ ਨੇ ਕਾਂਗਰਸ ਆਗੂ ਨੂੰ ਪ੍ਰੋਗਰਾਮ ਵਾਲੀ ਥਾਂ ’ਤੇ ਪਹੁੰਚਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋਇਆ। ਰਾਹੁਲ ਗਾਂਧੀ ਨੇ ਪਟਨਾ ਦੇ ਸਿਨੇਮਾਘਰ ’ਚ ਪਾਰਟੀ ਵਰਕਰਾਂ ਤੇ ਸਮਾਜਿਕ ਕਾਰਕੁਨਾਂ ਨਾਲ ਸਮਾਜ ਸੁਧਾਰਕਾਂ ਜਯੋਤੀਰਾਓ ਫੂਲੇ ਤੇ ਸਾਵਿਤਰੀ ਬਾਈ ਫੂਲੇ ਦੇ ਜੀਵਨ ’ਤੇ ਬਣੀ ਫਿਲਮ ‘ਫੂਲੇ’ ਵੀ ਦੇਖੀ।
ਰਾਏਬਰੇਲੀ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ, ‘ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਮੇਰੀ ਕਾਰ (ਮਿਥਿਲਾ ਯੂਨੀਵਰਸਿਟੀ ਦੇ) ਗੇਟ ’ਤੇ ਰੋਕ ਦਿੱਤੀ ਗਈ ਸੀ। ਪਰ ਮੈਂ ਹਾਰ ਨਹੀਂ ਮੰਨੀ। ਮੈਂ ਬਾਹਰ ਨਿਕਲਿਆ ਤੇ ਇੱਕ ਹੋਰ ਰਸਤਿਓਂ ਪੈਦਲ ਇੱਥੇ ਆ ਗਿਆ।’ ਉਨ੍ਹਾਂ ਬਿਹਾਰ ’ਚ ਜਨ ਸੰਪਰਕ ਪ੍ਰੋਗਰਾਮ ‘ਸਿੱਖਿਆ ਨਿਆਂ ਸੰਵਾਦ’ ਦੀ ਸ਼ੁਰੂਆਤ ਕੀਤੀ। ਗਾਂਧੀ ਨੇ ਯੂਨੀਵਰਸਿਟੀ ਦੇ ਅੰਬੇਡਕਰ ਹੋਸਟਲ ’ਚ ਇਹ ਗੱਲ ਕਹੀ ਜਿੱਥੇ ਪ੍ਰਸ਼ਾਸਨ ਨੇ ਪ੍ਰੋਗਰਾਮ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ, ‘ਤੁਹਾਨੂੰ ਪਤਾ ਹੈ ਕਿ ਬਿਹਾਰ ਦੀ ਸਰਕਾਰ ਮੈਨੂੰ ਕਿਉਂ ਨਹੀਂ ਰੋਕ ਸਕੀ? ਅਜਿਹਾ ਇਸ ਲਈ ਹੋਇਆ ਕਿਉਂਕਿ ਤੁਹਾਡੇ ਅੰਦਰ ਊਰਜਾ ਦਾ ਭੰਡਾਰ ਹੈ। ਮੈਨੂੰ ਵੀ ਉਸ ਤੋਂ ਊਰਜਾ ਮਿਲੀ ਹੈ। ਇਹੀ ਉਹ ਊਰਜਾ ਹੈ ਜਿਸ ਅੱਗੇ ਨਰਿੰਦਰ ਮੋਦੀ ਨੂੰ ਝੁਕਣਾ ਪਿਆ।’
ਰਾਹੁਲ ਤੇ ਕਾਂਗਰਸੀ ਵਰਕਰਾਂ ਖ਼ਿਲਾਫ਼ ਕੇਸ
ਦਰਭੰਗਾ: ਬਿਹਾਰ ਦੇ ਦਰਭੰਗਾ ਜ਼ਿਲ੍ਹੇ ’ਚ ਬਿਨਾਂ ਮਨਜ਼ੂਰੀ ਪ੍ਰੋਗਰਾਮ ਕਰਨ ’ਤੇ ਪੁਲੀਸ ਨੇ ਅੱਜ ਕਾਂਗਰਸ ਆਗੂ ਰਾਹੁਲ ਗਾਂਧੀ ਤੇ 100 ਤੋਂ ਵੱਧ ਪਾਰਟੀ ਵਰਕਰਾਂ ਖ਼ਿਲਾਫ਼ ਦੋ ਕੇਸ ਦਰਜ ਕੀਤੇ ਹਨ। ਦਰਭੰਗਾ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਪਹਿਲੀ ਐੱਫਆਈਆਰ ਜ਼ਿਲ੍ਹਾ ਭਲਾਈ ਅਧਿਕਾਰੀ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਲਹਿਰੀਆ ਸਰਾਏ ਥਾਣੇ ’ਚ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੂਜੀ ਐੱਫਆਈਆਰ ਮਨਾਹੀ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ ਹੇਠ ਦਰਜਨਾਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਕੀਤੀ ਗਈ ਹੈ।
ਕੀ ਦਲਿਤਾਂ ਨੂੰ ਮਿਲਣਾ ਗੁਨਾਹ ਹੈ: ਖੜਗੇ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਬਿਹਾਰ ਦੀ ਜੇਡੀਯੂ-ਭਾਜਪਾ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਤੇ ਦੋਸ਼ ਲਾਇਆ ਕਿ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਦਰਭੰਗਾ ’ਚ ‘ਸਿੱਖਿਆ ਨਿਆਂ ਸੰਵਾਦ’ ਕਰਨ ਤੋਂ ਰੋਕ ਕੇ ਸਰਕਾਰ ਤਾਨਾਸ਼ਾਹੀ ਕਰ ਰਹੀ ਹੈ। ਖੜਗੇ ਨੇ ਸਵਾਲ ਕੀਤਾ, ‘ਕੀ ਦਲਿਤਾਂ, ਵਾਂਝਿਆਂ ਤੇ ਪੱਛੜੇ ਵਰਗ ਦੇ ਵਿਦਿਆਰਥੀਆਂ ਨਾਲ ਸੰਪਰਕ ਕਰਨਾ ਸੰਵਿਧਾਨ ਦੇ ਖ਼ਿਲਾਫ਼ ਹੈ? ਕੀ ਉਨ੍ਹਾਂ ਨਾਲ ਸਿੱਖਿਆ, ਭਰਤੀ ਪ੍ਰੀਖਿਆਵਾਂ ਤੇ ਨੌਕਰੀਆਂ ਬਾਰੇ ਗੱਲ ਕਰਨਾ ਗੁਨਾਹ ਹੈ?’