ਜਾਤੀ ਗਣਨਾ ਬਾਰੇ ਫੈਸਲੇ ਦਾ ਸਵਾਗਤ, ਪਰ ਸਰਕਾਰ ਇਸ ਨੂੰ ਨਿਰਧਾਰਿਤ ਸਮੇਂ ’ਚ ਲਾਗੂ ਕਰੇ: ਰਾਹੁਲ ਗਾਂਧੀ

ਜਾਤੀ ਗਣਨਾ ਬਾਰੇ ਫੈਸਲੇ ਦਾ ਸਵਾਗਤ, ਪਰ ਸਰਕਾਰ ਇਸ ਨੂੰ ਨਿਰਧਾਰਿਤ ਸਮੇਂ ’ਚ ਲਾਗੂ ਕਰੇ: ਰਾਹੁਲ ਗਾਂਧੀ

ਨਵੀਂ ਦਿੱਲੀ : ਸਾਬਕਾ ਕਾਂਗਰਸ ਪ੍ਰਧਾਨ ਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਉਹ ‘11 ਸਾਲਾਂ ਦੇ ਵਿਰੋਧ ਤੋਂ ਬਾਅਦ’ ਸਰਕਾਰ ਵੱਲੋਂ ਅਗਾਮੀ ਮਰਦਮਸ਼ੁਮਾਰੀ ਵਿਚ ਜਾਤੀ ਗਣਨਾ ਨੂੰ ਸ਼ਾਮਲ ਕੀਤੇ ਜਾਣ ਦੇ ‘ਚਾਣਚੱਕ’ ਲਏ ਫੈਸਲੇ ਦਾ ਸਵਾਗਤ ਕਰਦੇ ਹਨ, ਪਰ ਸਰਕਾਰ ਨੂੰ ਇਸ ਨੂੰ ਲਾਗੂ ਕਰਨ ਲਈ ਇੱਕ ਸਮਾਂ-ਸੀਮਾ ਦੇਣੀ ਚਾਹੀਦੀ ਹੈ। ਗਾਂਧੀ ਨੇ ਇਹ ਟਿੱਪਣੀਆਂ ਸਰਕਾਰ ਵੱਲੋਂ ਜਾਤੀ ਗਣਨਾ ਨੂੰ ਅਗਾਮੀ ਮਰਦਮਸ਼ੁਮਾਰੀ ਦੀ ਮਸ਼ਕ ਵਿੱਚ ‘ਪਾਰਦਰਸ਼ੀ’ ਤਰੀਕੇ ਨਾਲ ਸ਼ਾਮਲ ਕੀਤੇ ਜਾਣ ਦੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਕੀਤੀ ਹੈ।

ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਕਿਹਾ, ‘‘ਅਸੀਂ ਸਰਕਾਰ ਦੇ ਇਸ ਫੈਸਲੇ ਦੀ ਪੂਰੀ ਤਰ੍ਹਾਂ ਹਮਾਇਤ ਕਰਦੇ ਹਾਂ, ਪਰ ਅਸੀਂ ਇਸ ਨੂੰ ਲਾਗੂ ਕਰਨ ਦੀ ਸਮਾਂ ਸੀਮਾ ਚਾਹੁੰਦੇ ਹਾਂ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਇਹ ਕਦੋਂ ਤੱਕ ਹੋਵੇਗਾ।’’ ਗਾਂਧੀ ਨੇ 11 ਸਾਲਾਂ ਦੇ ਵਿਰੋਧ ਮਗਰੋਂ ਨਰਿੰਦਰ ਮੋਦੀ ਸਰਕਾਰ ਵੱਲੋਂ ‘ਅਚਾਨਕ’ ਲਏ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ, ‘‘ਇਹ ਪਹਿਲਾ ਕਦਮ ਹੈ ਤੇ ਜਾਤੀ ਗਣਨਾ ਲਈ ਤਿਲੰਗਾਨਾ ਦਾ ਮਾਡਲ ਹੈ।’’ ਰਾਖਵਾਂਕਰਨ ’ਤੇ ਲੱਗੀ 50 ਫੀਸਦ ਦੀ ਹੱਦ ਹਟਾਉਣ ਦੀ ਆਪਣੀ ਮੰਗ ਦੁਹਰਾਉਂਦਿਆਂ ਗਾਂਧੀ ਨੇ ਕਿਹਾ ਕਿ ਜਾਤੀ ਗਣਨਾ ਲਈ ਵੀ ਫੰਡ ਅਲਾਟ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ, ‘‘ਅਸੀਂ ਲੋਕਾਂ ਦੀ ਜਨਗਣਨਾ ਚਾਹੁੰਦੇ ਹਾਂ, ਨੌਕਰਸ਼ਾਹਾਂ ਦੀ ਨਹੀਂ।’’ ਕਾਬਿਲੇਗੌਰ ਹੈ ਕਿ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਦੇਸ਼ਵਿਆਪੀ ਜਾਤੀ ਜਨਗਣਨਾ ਦੀ ਮੰਗ ਕਰ ਰਹੀਆਂ ਹਨ। ਬਿਹਾਰ, ਤਿਲੰਗਾਨਾ ਅਤੇ ਕਰਨਾਟਕ ਵਰਗੇ ਕੁਝ ਰਾਜਾਂ ਨੇ ਅਜਿਹੇ ਸਰਵੇਖਣ ਕਰਵਾਏ ਹਨ।  

ਪਹਿਲਗਾਮ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਕੀਮਤ ਚੁਕਾਉਣੀ ਹੋਵੇਗੀ, ਪ੍ਰਧਾਨ ਮੰਤਰੀ ਸਖ਼ਤ ਕਾਰਵਾਈ ਕਰਨ: ਰਾਹੁਲ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਪਹਿਲਗਾਮ ਦਹਿਸ਼ਤੀ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਆਪਣੇ ਕੀਤੇ ਦੀ ਕੀਮਤ ਚੁਕਾਉਣੀ ਪਵੇਗੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਢਿੱਲ ਮੱਠ ਦੀ ਥਾਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

ਇੱਥੇ ਪਾਰਟੀ ਹੈੱਡਕੁਆਰਟਰ ਉੱਤੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਪਹਿਲਗਾਮ ਹਮਲੇ ਦੇ ਸਾਜ਼ਿਸ਼ਘਾੜਿਆਂ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ ਅਤੇ ਉਨ੍ਹਾਂ ਨੂੰ ਇਹ ਅਹਿਸਾਸ ਕਰਵਾਉਣਾ ਪਵੇਗਾ ਕਿ ਉਹ ਭਾਰਤ ਨਾਲ ਅਜਿਹਾ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵਿਰੋਧੀ ਧਿਰ ਦੀ 100 ਫੀਸਦ ਹਮਾਇਤ ਪ੍ਰਾਪਤ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਾਰਵਾਈ ਕਰਨੀ ਪਵੇਗੀ।

ਗਾਂਧੀ ਨੇ ਕਿਹਾ, ‘‘ਪ੍ਰਧਾਨ ਮੰਤਰੀ ਨੂੰ ਕਾਰਵਾਈ ਕਰਨੀ ਪਵੇਗੀ। ਕਾਰਵਾਈ ਸਪੱਸ਼ਟ ਅਤੇ ਮਜ਼ਬੂਤ ​​ਹੋਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੂੰ ਟਾਲ-ਮਟੋਲ ਨਹੀਂ ਬਲਕਿ ਕਾਰਵਾਈ ਕਰਨੀ ਚਾਹੀਦੀ ਹੈ। ਉਹ ਕਿਸੇ ਵੀ ਸਮੇਂ ਕਾਰਵਾਈ ਕਰ ਸਕਦੇ ਹਨ ਜੋ ਉਹ ਜ਼ਰੂਰੀ ਸਮਝਦੇ ਹਨ।’’ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਉਹ ਕਾਨਪੁਰ ਵਿੱਚ ਪਹਿਲਗਾਮ ਹਮਲੇ ਦੇ ਪੀੜਤ ਪਰਿਵਾਰ ਨੂੰ ਮਿਲੇ ਹਨ ਅਤੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ।

Share: