ਪੂਤਿਨ ਵੱਲੋਂ ਯੂਕਰੇਨ ਦੀ ਸਰਹੱਦ ਨਾਲ ਲੱਗਦੇ ਕੁਰਸਕ ਖੇਤਰ ਦਾ ਦੌਰਾ

ਪੂਤਿਨ ਵੱਲੋਂ ਯੂਕਰੇਨ ਦੀ ਸਰਹੱਦ ਨਾਲ ਲੱਗਦੇ ਕੁਰਸਕ ਖੇਤਰ ਦਾ ਦੌਰਾ

ਮਾਸਕੋ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਰੂਸ ਦੇ ਕੁਰਸਕ ਖੇਤਰ ਦਾ ਦੌਰਾ ਕੀਤਾ। ਮਾਸਕੋ ਵੱਲੋਂ ਪਿਛਲੇ ਮਹੀਨੇ ਯੂਕਰੇਨੀ ਫੌਜ ਤੋਂ ਇਸ ਖੇਤਰ ਨੂੰ ਮੁਕਤ ਕਰਵਾਏ ਜਾਣ ਦਾ ਦਾਅਵਾ ਕੀਤੇ ਜਾਣ ਤੋਂ ਬਾਅਦ ਪੂਤਿਨ ਦਾ ਇਸ ਖੇਤਰ ਦਾ ਇਹ ਪਹਿਲਾ ਦੌਰਾ ਹੈ। ਕ੍ਰੈਮਲਿਨ ਨੇ ਅੱਜ ਦੱਸਿਆ ਕਿ ਪੂਤਿਨ ਨੇ ਅੱਜ ਯੂਕਰੇਨ ਨਾਲ ਲੱਗਦੇ ਕੁਰਸਕ ਖੇਤਰ ਦਾ ਦੌਰਾ ਕੀਤਾ। ਯੂਕਰੇਨ ਦੀਆਂ ਫੌਜਾਂ ਨੇ ਅਗਸਤ 2024 ਵਿੱਚ ਕੁਰਸਕ ਖੇਤਰ ਵਿੱਚ ਘੁਸਪੈਠ ਕੀਤੀ ਸੀ, ਜੋ ਕਿ ਲਗਪਗ ਢਾਈ ਸਾਲ ਤੋਂ ਚੱਲ ਰਹੀ ਜੰਗ ਦੌਰਾਨ ਕੀਵ ਵੱਲੋਂ ਕੀਤਾ ਗਿਆ ਸਭ ਤੋਂ ਵੱਡਾ ਸਰਹੱਦ ਪਾਰ ਹਮਲਾ ਸੀ। ਇਹ ਪਹਿਲੀ ਵਾਰ ਸੀ ਜਦੋਂ ਦੂਜੀ ਵਿਸ਼ਵ ਜੰਗ ਤੋਂ ਬਾਅਦ ਕਿਸੇ ਨੇ ਰੂਸੀ ਖੇਤਰ ’ਤੇ ਕਬਜ਼ਾ ਕੀਤਾ, ਜਿਸ ਕਰ ਕੇ ਕਰੈਮਲਿਨ ਨੂੰ ਸ਼ਰਮਿੰਦਗੀ ਝੱਲਣੀ ਪਈ ਸੀ। ਸਾਲ 2023 ਦੇ ਅਖ਼ੀਰ ਤੋਂ ਰੂਸ ਨੂੰ ਜੰਗੀ ਖੇਤਰ ਵਿੱਚ ਆਮ ਤੌਰ ’ਤੇ ਵਾਧਾ ਮਿਲਦਾ ਰਿਹਾ ਹੈ ਪਰ ਕੁਰਸਕ ਖੇਤਰ ਅਪਵਾਦ ਰਿਹਾ ਹੈ। ਯੂਕਰੇਨ, ਅਮਰੀਕਾ ਅਤੇ ਦੱਖਣੀ ਕੋਰੀਆ ਨੇ ਕਿਹਾ ਸੀ ਕਿ ਉੱਤਰ ਕੋਰੀਆ ਨੇ ਕੁਰਸਕ ’ਤੇ ਮੁੜ ਤੋਂ ਕੰਟਰੋਲ ਹਾਸਲ ਕਰਨ ਵਿੱਚ ਰੂਸ ਦੀ ਮਦਦ ਕਰਨ ਲਈ ਲਗਪਗ 12,000 ਫੌਜੀ ਭੇਜੇ।

ਪਰਮਾਣੂ ਊਰਜਾ ਪਲਾਂਟ ਦਾ ਨਿਰੀਖਣ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕੁਰਸਕ ਦੇ ਇਸ ਦੌਰੇ ਦੌਰਾਨ ਪਰਮਾਣੂ ਊਰਜਾ ਪਲਾਂਟ-2 ਦਾ ਦੌਰਾ ਕੀਤਾ ਜੋ ਅਜੇ ਨਿਰਮਾਣਅਧੀਨ ਹੈ। ਉਨ੍ਹਾਂ ਚੋਣਵੇਂ ਵਾਲੰਟੀਅਰਾਂ ਨਾਲ ਮੀਟਿੰਗ ਕੀਤੀ ਅਤੇ ਕਾਰਜਕਾਰੀ ਗਵਰਨਰ ਅਲੈਗਜ਼ੈਂਡਰ ਖਿਨਸ਼ਟੇਨ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਉੱਜੜੇ ਹੋਏ ਪਰਿਵਾਰਾਂ ਨੂੰ ਮਹੀਨਾਵਾਰ ਸਹਾਇਤਾ ਰਾਸ਼ੀ ਦੇਣ ਦੀ ਯੋਜਨਾ ਜਾਰੀ ਰੱਖਣ ਦੇ ਵਿਚਾਰ ਨੂੰ ਕਰੈਮਲਿਨ ਸਮਰਥਨ ਦਿੰਦਾ ਹੈ। ਇਸ ਤੋਂ ਪਹਿਲਾਂ ਪ੍ਰਭਾਵਿਤ ਵਸਨੀਕਾਂ ਨੇ ਮੁਆਵਜ਼ੇ ਨੂੰ ਲੈ ਕੇ ਸਾਂਝੇ ਤੌਰ ’ਤੇ ਪ੍ਰਦਰਸ਼ਨ ਕਰਦੇ ਹੋਏ ਨਾਰਾਜ਼ਗੀ ਜ਼ਾਹਿਰ ਕੀਤੀ ਸੀ।

Share: