ਬਰੈਂਪਟਨ ’ਚ ਫਿਰੌਤੀਆਂ ਮੰਗਣ ਦੇ ਦੋਸ਼ ਹੇਠ ਤਿੰਨ ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਬਰੈਂਪਟਨ ’ਚ ਫਿਰੌਤੀਆਂ ਮੰਗਣ ਦੇ ਦੋਸ਼ ਹੇਠ ਤਿੰਨ ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਵੈਨਕੂਵਰ : ਪੀਲ ਪੁਲੀਸ ਨੇ ਕਾਰੋਬਾਰੀਆਂ ਤੋਂ ਫਿਰੌਤੀਆਂ ਮੰਗਣ ਵਾਲੇ ਤਿੰਨ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਨੌਜਵਾਨਾਂ ਨੇ ਪਿਛਲੇ ਦਿਨੀਂ ਕੁਈਨ ਸਟਰੀਟ ਅਤੇ ਕੈਨੇਡੀ ਰੋਡ ਦੱਖਣ ਸਥਿਤ ਵਪਾਰਕ ਅਦਾਰੇ ’ਤੇ ਗੋਲੀਆਂ ਚਲਾਉਣ ਤੋਂ ਬਾਅਦ ਮਾਲਕ ਨੂੰ ਫੋਨ ਕਰਕੇ ਫਿਰੌਤੀ ਦੀ ਵੱਡੀ ਰਕਮ ਮੰਗੀ ਸੀ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਦੀ ਪਛਾਣ ਹਰਪਾਲ ਸਿੰਘ (34), ਰਾਜਨੂਰ ਸਿੰਘ (20) ਤੇ ਏਕਨੂਰ ਸਿੰਘ (22) ਤਿੰਨੇ ਵਾਸੀ ਬਰੈਂਪਟਨ ਵਜੋਂ ਦੱਸੀ ਗਈ ਹੈ। ਪੀਲ ਪੁਲੀਸ ਦੇ ਡਿਪਟੀ ਚੀਫ ਮਾਰਕ ਐਂਡਰਿਊ ਮੁਤਾਬਕ ਮੁਲਜ਼ਮਾਂ ਨੇ 30 ਅਪਰੈਲ ਨੂੰ ਉਕਤ ਵਪਾਰਕ ਅਦਾਰੇ ਨੂੰ ਨਿਸ਼ਾਨਾ ਬਣਾਉਂਦਿਆਂ ਕਈ ਗੋਲੀਆਂ ਚਲਾਉਣ ਤੋਂ ਬਾਅਦ ਉਸ ਦੇ ਮਾਲਕ ਨੂੰ ਫੋਨ ਅਤੇ ਮੈਸੇਜ ਕਰਕੇ ਫਿਰੌਤੀ ਦੀ ਵੱਡੀ ਰਕਮ ਮੰਗੀ ਅਤੇ ਨਾ ਦੇਣ ਜਾਂ ਪੁਲੀਸ ਨੂੰ ਦੱਸਣ ਬਦਲੇ ਮਾਰ ਦੇਣ ਦੀ ਧਮਕੀ ਵੀ ਦਿੱਤੀ। ਉਂਝ ਗੋਲੀਆਂ ਚਲਾਉਣ ਮੌਕੇ ਵਪਾਰਕ ਅਦਾਰੇ ਅੰਦਰ ਕੋਈ ਨਹੀਂ ਸੀ, ਜਿਸ ਕਾਰਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਹਾਲਾਂਕਿ ਮੌਕੇ ’ਤੇ ਲੱਗੇ ਸਕਿਓਰਿਟੀ ਉਪਕਰਨਾਂ ਵਿੱਚ ਮੁਲਜ਼ਮਾਂ ਦੀਆਂ ਤਸਵੀਰਾਂ ਤੇ ਹਰਕਤਾਂ ਰਿਕਾਰਡ ਹੋ ਗਈਆਂ।

ਨੇੜਲੇ ਲੋਕਾਂ ਦੀ ਮਦਦ ਨਾਲ ਜਲਦੀ ਹੀ ਇਨ੍ਹਾਂ ਨੌਜਵਾਨਾਂ ਦੀ ਪਛਾਣ ਵੀ ਹੋ ਗਈ ਤੇ 2 ਮਈ ਨੂੰ ਤਿੰਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਅਗਲੇ ਦਿਨਾਂ ਵਿੱਚ ਉਨ੍ਹਾਂ ਨੂੰ ਚਾਰਜਸ਼ੀਟ ਸਮੇਤ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲੀਸ ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਪੀੜਤ ਨੇ ਡਰ ਕਰਕੇ ਅਜੇ ਤੱਕ ਪੁਲੀਸ ਨੂੰ ਨਹੀਂ ਦੱਸਿਆ ਤਾਂ ਉਹ ਖੁੱਲ੍ਹ ਕੇ ਦੱਸ ਸਕਦਾ ਹੈ ਤੇ ਉਸ ਨੂੰ ਮੁਲਜ਼ਮਾਂ ਦੀ ਸ਼ਨਾਖਤ ਕਰਨ ਦਾ ਮੌਕਾ ਦਿੱਤਾ ਜਾਵੇਗਾ।

Share: