ਨਾਭਾ : ਡੈਮੋਕ੍ਰੈਟਿਕ ਲਾਅਰਜ਼ ਐਸੋਸੀਏਸ਼ਨ (ਡੀਐੱਲਏ) ਵੱਲੋਂ ਦੋ ਪੁਲੀਸ ਮੁਕਾਬਲਿਆਂ ਸਬੰਧੀ ਆਪਣੀ ਤੱਥ ਖੋਜ ਰਿਪੋਰਟ ਜਨਤਕ ਕੀਤੀ ਗਈ। ਪੁਲੀਸ ਦੇ ਦਾਅਵਿਆਂ ਨੂੰ ਚੁਣੌਤੀ ਦਿੰਦੇ ਹੋਏ ਡੀਐੱਲਏ ਨੇ ਮੰਡੌਰ ਵਿੱਚ ਮਾਰੇ ਗਏ ਜਸਪ੍ਰੀਤ ਸਿੰਘ ਅਤੇ ਉਸੇ ਰਾਤ ਅਮਰਗੜ੍ਹ ਵਿੱਚ ਉਸ ਦੇ ਸਾਥੀ ਹਰਪ੍ਰੀਤ ਸਿੰਘ ਨੂੰ ਜ਼ਖ਼ਮੀ ਕਰਨ ਵਾਲੇ ਦੋਵੇਂ ਪੁਲੀਸ ਮੁਕਾਬਲੇ ਝੂਠੇ ਦੱਸੇ ਹਨ। ਇਹ ਰਿਪੋਰਟ ਹਾਈ ਕੋਰਟ ਦੇ ਚੀਫ ਜਸਟਿਸ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਨੂੰ ਭੇਜਦੇ ਹੋਏ ਇਸ ਸੰਸਥਾ ਨੇ ਅੱਗੇ ਤੋਂ ਪੁਲੀਸ ਦੀ ਜਵਾਬਦੇਹੀ ਲਈ ਸੁਪਰੀਮ ਕੋਰਟ ਦੇ ਫ਼ੈਸਲਿਆਂ ਦੀ ਪਾਲਣਾ ਦੀ ਮੰਗ ਕੀਤੀ ਹੈ। ਡੀਐੱਲਏ ਦੀ ਪੜਤਾਲ ਮੁਤਾਬਕ 13 ਮਾਰਚ ਨੂੰ ਮੰਡੌਰ ਵਿੱਚ ਸ਼ੀਹਾਂ ਦੌਦ ਪਿੰਡ ਦੇ ਜੰਮਪਲ ਕੈਨੇਡਾ ਵਾਸੀ ਜਸਪ੍ਰੀਤ ਸਿੰਘ (22) ਦੀ ਜਾਨ ਲੈਣ ਵਾਲਾ ਪੁਲੀਸ ਮੁਕਾਬਲਾ ਝੂਠਾ ਸੀ। ਪੋਸਟਮਾਰਟਮ ਰਿਪੋਰਟ ਦੇ ਆਧਾਰ ’ਤੇ ਡੀਐੱਲਏ ਮੈਂਬਰਾਂ ਨੇ ਲਿਖਿਆ ਕਿ ਜਸਪ੍ਰੀਤ ਉੱਪਰ ਵੱਖ-ਵੱਖ ਹਥਿਆਰਾਂ ਨਾਲ ਸੱਤ ਗੋਲੀਆਂ ਮਾਰੀਆਂ ਗਈਆਂ। ਐੱਫਆਈਆਰ ’ਚ ਦਰਜ ਥਾਂ ’ਤੇ ਘਟਨਾ ਦੇ ਕੋਈ ਸਬੂਤ ਨਹੀਂ ਮਿਲੇ। ਇਸ ਤੋਂ ਇਲਾਵਾ ਪਿੰਡ ਵਾਸੀਆਂ ਦੇ ਬਿਆਨਾਂ ਮੁਤਾਬਕ ਜਸਪ੍ਰੀਤ ਤੇ ਹਰਪ੍ਰੀਤ ਦੋਵਾਂ ਨੇ ਹੱਥ ਖੜ੍ਹੇ ਕਰਦੇ ਹੋਏ ਆਤਮ-ਸਮਰਪਣ ਕੀਤਾ ਸੀ।
ਇਸੇ ਤਰ੍ਹਾਂ ਮੰਡੌਰ ਤੋਂ ਗ੍ਰਿਫ਼ਤਾਰ ਹੋਏ ਹਰਪ੍ਰੀਤ ਸਿੰਘ ਨੂੰ ਬਰਾਮਦਗੀ ਲਈ ਅਮਰਗੜ੍ਹ ਵਿੱਚ ਉਸ ਦੇ ਪਿੰਡ ਬਾਠਾਂ ਲਿਜਾਇਆ ਗਿਆ ਤਾਂ ਮਹੋਰਾਣਾ ਸੀਆਏਏ ਸਟਾਫ ਤੇ ਹਰਪ੍ਰੀਤ ਸਿੰਘ ਦੇ ਮੁਕਾਬਲੇ ਉੱਪਰ ਵੀ ਡੀਐੱਲਏ ਨੇ ਸਵਾਲ ਚੁੱਕੇ। ਅਮਰਗੜ੍ਹ ’ਚ ਦਰਜ ਐੱਫਆਈਆਰ ਮੁਤਾਬਕ ਪੁਲੀਸ ਹਿਰਾਸਤ ਵਿੱਚ ਹੋਣ ਦੇ ਬਾਵਜੂਦ ਹਰਪ੍ਰੀਤ ਨੇ ਬਾਠਾਂ ਪਹੁੰਚ ਕੇ ਪਿਸਤੌਲ ਲੱਭ ਕੇ ਪੁਲੀਸ ਉੱਪਰ ਗੋਲੀ ਚਲਾ ਦਿੱਤੀ। ਪੁਲੀਸ ਦੀ ਜਵਾਬੀ ਕਾਰਵਾਈ ਵਿੱਚ ਉਸ ਦੀ ਲੱਤ ਵਿੱਚ ਗੋਲੀ ਵੱਜੀ ਜਦੋਂਕਿ 14 ਮਾਰਚ ਨੂੰ ਜਾਰੀ ਪ੍ਰੈੱਸ ਬਿਆਨ ’ਚ ਸਰਕਾਰ ਨੇ ਇਸ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।
ਬਿਨਾਂ ਨਿਰਪੱਖ ਪੜਤਾਲ ਸਰਕਾਰ ਵੱਲੋਂ ਪੁਲੀਸ ਮੁਲਾਜ਼ਮਾਂ ਨੂੰ 10 ਲੱਖ ਇਨਾਮ ‘ਤੇ ਤਰੱਕੀਆਂ ਐਲਾਨਣ ਨੂੰ ਸੁਪਰੀਮ ਕੋਰਟ ਦੇ 2014 ਦੇ ਫੈਸਲੇ ਦੀ ਉਲੰਘਣਾ ਦੱਸਦੇ ਹੋਏ ਡੀਐਲਏ ਨੇ ਇਨ੍ਹਾਂ ਪੁਲੀਸ ਮੁਕਾਬਲਿਆਂ ਨੂੰ 1984 ਤੋਂ ਬਾਅਦ ਦੇ ਦੌਰ ਨਾਲ ਜੋੜਿਆ। ਡੀਐੱਲਏ ਵੱਲੋਂ ਹਰਪ੍ਰੀਤ ਸਿੰਘ ਜੀਰਖ ਤੇ ਰਾਜੀਵ ਲੋਹਟਬਧੀ ਨੇ ਇਹ ਰਿਪੋਰਟ ਹਾਈ ਕੋਰਟ ਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਭੇਜਦੇ ਹੋਏ ਨਿਆਂਇਕ ਜਾਂਚ ਦੀ ਮੰਗ ਕੀਤੀ।