ਨਵੀਂ ਦਿੱਲੀ : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਗਿਆਨ ਤੇ ਰਵਾਇਤ ਦੇ ਥੰਮ੍ਹ ਦੇ ਰੂਪ ’ਚ ਸੀਨੀਅਰ ਨਾਗਰਿਕਾਂ ਦੀ ਭੂਮਿਕਾ ਦਾ ਜ਼ਿਕਰ ਕਰਦਿਆਂ ਦੇਸ਼ ਦੀ ਬਜ਼ੁਰਗ ਅਬਾਦੀ ਦੇ ਮਾਣ-ਸਨਮਾਨ, ਖੁਸ਼ੀ ਤੇ ਭਲਾਈ ਯਕੀਨੀ ਬਣਾਉਣ ਲਈ ਅੱਜ ਸਮੂਹਿਕ ਜ਼ਿੰਮੇਵਾਰੀ ਨਿਭਾਉਣ ਦਾ ਸੱਦਾ ਦਿੱਤਾ।
ਰਾਸ਼ਟਰਪਤੀ ਭਵਨ ’ਚ ਕਰਵਾਏ ਗਏ ‘ਬਜ਼ੁਰਗਾਂ ਦਾ ਸਨਮਾਨ’ ਸਮਾਗਮ ’ਚ ਮੁਰਮੂ ਨੇ ਸਮਾਜ ਨੂੰ ਰੂਪ ਦੇਣ ਅਤੇ ਭਵਿੱਖੀ ਪੀੜ੍ਹੀਆਂ ਦੀ ਅਗਵਾਈ ਕਰਨ ’ਚ ਸੀਨੀਅਰ ਨਾਗਰਿਕਾਂ ਦੇ ਅਣਮੁੱਲੇ ਯੋਗਦਾਨ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ, ‘ਸੀਨੀਅਰ ਨਾਗਰਿਕ ਸਾਡੇ ਅਤੀਤ ਦੀ ਅਹਿਮ ਕੜੀ ਤੇ ਸਾਡੇ ਭਵਿੱਖ ਦੇ ਮਾਰਗ ਦਰਸ਼ਕ ਹਨ।’ ਰਾਸ਼ਟਰਪਤੀ ਨੇ ਨਾਗਰਿਕਾਂ ਨੂੰ ਬਜ਼ੁਰਗਾਂ ਦੀ ਭਲਾਈ ਲਈ ਪ੍ਰਤੀਬੱਧ ਰਹਿਣ ਅਤੇ ਉਨ੍ਹਾਂ ਦੇ ਤਜਰਬਿਆਂ ਤੋਂ ਸਿੱਖਣ ਦਾ ਸੱਦਾ ਦਿੱਤਾ। ਰਾਸ਼ਟਰਪਤੀ ਨੇ ਕਿਹਾ, ‘ਸਾਡੇ ਸੀਨੀਅਰ ਨਾਗਰਿਕ ਸਮਝਦਾਰੀ ਤੇ ਰਵਾਇਤਾਂ ਦੀ ਅਗਵਾਈ ਕਰਦੇ ਹਨ। ਇਹ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਕਿ ਅਸੀਂ ਇਹ ਯਕੀਨੀ ਬਣਾਈਏ ਕਿ ਸਾਡੇ ਬਜ਼ੁਰਗ ਆਪਣਾ ਬੁਢਾਪਾ ਇੱਜ਼ਤ ਤੇ ਸਰਗਰਮੀ ਨਾਲ ਜਿਊਣ।’
ਬਜ਼ੁਰਗਾਂ ਲਈ ਵੱਧ ਆਸ਼ਰਮਾਂ ਦੀ ਲੋੜ: ਸੁਰੇਸ਼ ਪ੍ਰਭੂ
ਸੰਭਾਜੀਨਗਰ: ਸਾਬਕਾ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਨੇ ਕਿਹਾ ਹੈ ਕਿ ਸਿਹਤ ਵਿਗਿਆਨ ’ਚ ਤਕਨੀਕੀ ਤਰੱਕੀ ਕਾਰਨ ਮਨੁੱਖ ਦੀ ਉਮਰ ਵਧੀ ਹੈ। ਇਸ ਲਈ ਬਜ਼ੁਰਗਾਂ ਦੀ ਸੰਭਾਲ ਤੇ ਉਨ੍ਹਾਂ ਨੂੰ ਲੋਕਾਂ ਦਾ ਸਾਥ ਮੁਹੱਈਆ ਕਰਨ ਲਈ ਵੱਧ ਬਿਰਧ ਆਸ਼ਰਮਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੀਨੀਅਰ ਨਾਗਰਿਕਾਂ ਕੋਲ ਅੱਜ ਸਰੋਤ ਹਨ ਪਰ ਉਨ੍ਹਾਂ ਕੋਲ ਸਹਾਇਤਾ ਪ੍ਰਣਾਲੀ ਤੇ ਉਨ੍ਹਾਂ ਦੇ ਆਲੇ-ਦੁਆਲੇ ਅਜਿਹੇ ਲੋਕਾਂ ਦੀ ਘਾਟ ਹੈ ਜੋ ਉਨ੍ਹਾਂ ਦੀਆਂ ਭਾਵਨਾਵਾਂ ਸਮਝ ਸਕਣ ਤੇ ਜਿਨ੍ਹਾਂ ਨਾਲ ਉਹ ਢਲਦੀ ਉਮਰ ’ਚ ਆਪਣੇ ਜਜ਼ਬਾਤ ਸਾਂਝੇ ਕਰ ਸਕਣ।