ਪੁਲੀਸ ਮੁਕਾਬਲੇ ਦੌਰਾਨ ਨਸ਼ਾ ਤਸਕਰ ਜ਼ਖ਼ਮੀ

ਪੁਲੀਸ ਮੁਕਾਬਲੇ ਦੌਰਾਨ ਨਸ਼ਾ ਤਸਕਰ ਜ਼ਖ਼ਮੀ

ਹੁਸ਼ਿਆਰਪੁਰ : ਗੜ੍ਹਦੀਵਾਲਾ ਪੁਲੀਸ ਅਤੇ ਨਸ਼ਾ ਤਸਕਰ ਦਰਮਿਆਨ ਅੱਜ ਪਿੰਡ ਭਾਣੋਵਾਲ ਨਹਿਰ ਦੇ ਨੇੜੇ ਮੁਕਾਬਲਾ ਹੋਇਆ। ਇਸ ਦੌਰਾਨ ਨਸ਼ਾ ਤਸਕਰ ਦੇ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ। ਐੱਸਐੱਸਪੀ ਸੰਦੀਪ ਮਲਿਕ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਘਟਨਾ ਦੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਨੇ ਦੱਸਿਆ ਕਿ ਥਾਣਾ ਗੜ੍ਹਦੀਵਾਲਾ ਦੇ ਐੱਸਐੱਚਓ ਸਬ ਇੰਸਪੈਕਟਰ ਸਤਪਾਲ ਸਿੰਘ ਬਾਜਵਾ ਜਦੋਂ ਪੁਲੀਸ ਪਾਰਟੀ ਸਣੇ ਗਸ਼ਤ ਦੌਰਾਨ ਪਿੰਡ ਭਾਣੋਵਾਲ ਨਹਿਰ ਦੇ ਨੇੜੇ ਪੁੱਜੇ ਤਾਂ ਵਰਨਾ ਗੱਡੀ (ਪੀਬੀ-08-ਬੀਐੱਨ-6222) ਦੇ ਡਰਾਈਵਰ ਨੇ ਪੁਲੀਸ ਪਾਰਟੀ ਨੂੰ ਦੇਖ ਕੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਗੱਡੀ ਦਰੱਖਤ ਨਾਲ ਟਕਰਾ ਗਈ। ਪੁਲੀਸ ਨੇ ਜਦੋਂ ਕਾਰ ਡਰਾਈਵਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲੀਸ ’ਤੇ ਫ਼ਾਇਰਿੰਗ ਸ਼ੁਰੂ ਕਰ ਦਿੱਤੀ। ਪੁਲੀਸ ਵੱਲੋਂ ਉਸ ਨੂੰ ਰੁਕਣ ਲਈ ਕਿਹਾ ਗਿਆ ਪਰ ਉਸ ਨੇ ਅਜਿਹਾ ਨਹੀਂ ਕੀਤਾ। ਜਵਾਬੀ ਕਾਰਵਾਈ ਕਰਦਿਆਂ ਪੁਲੀਸ ਵੱਲੋਂ ਚਲਾਈ ਗੋਲੀ ਕਾਰ ਡਰਾਈਵਰ ਦੇ ਪੈਰ ’ਤੇ ਲੱਗੀ। ਇਸ ਦੌਰਾਨ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ। ਪੁੱਛਗਿੱਛ ਕਰਨ ’ਤੇ ਉਸ ਦੀ ਪਛਾਣ ਲਵਦੀਪ ਸਿੰਘ ਵਾਸੀ ਰਮਦਾਸਪੁਰ ਵਜੋਂ ਹੋਈ। ਉਸ ਕੋਲੋਂ 32 ਬੋਰ ਦਾ ਪਿਸਤੌਲ, ਚਾਰ ਰੌਂਦ, ਨਸ਼ੀਲੀਆਂ ਗੋਲੀਆਂ ਅਤੇ 10 ਹਜ਼ਾਰ ਰੁਪਏ ਦੀ ਨਕਦੀ ਬਾਰਮਦ ਹੋਈ। ਉਸ ਨੂੰ ਸਿਵਲ ਹਸਪਤਾਲ ਦਸੂਹਾ ਦਾਖਲ ਕਰਵਾਇਆ ਗਿਆ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

Share: