ਨਵੀਂ ਦਿੱਲੀ : ਭਾਰਤ ਵੱਲੋਂ ਪਾਕਿਸਤਾਨ ਤੇ ਉਸ ਦੇ ਕਬਜ਼ੇ ਵਾਲੇ ਕਸ਼ਮੀਰ (ਮਕਬੂਜ਼ਾ ਕਸ਼ਮੀਰ) ਵਿਚ ਨੌਂ ਦਹਿਸ਼ਤੀ ਟਿਕਾਣਿਆਂ ’ਤੇ ਹਮਲੇ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਪੂਰੇ ਹਾਲਾਤ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਪ੍ਰਧਾਨ ਮੰਤਰੀ ਸਵੇਰੇ 11 ਵਜੇ ਦੇ ਕਰੀਬੀ ਕੇਂਦਰੀ ਕੈਬਨਿਟ ਤੇ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਕੇਂਦਰੀ ਮੰਤਰੀਆਂ ਵੱਲੋਂ ਸੱਦੀਆਂ ਅਹਿਮ ਬੈਠਕਾਂ ਤੇ ਕਾਨਫਰੰਸਾਂ ਰੱਦ ਕਰ ਦਿੱਤੀਆਂ ਗਈਆਂ ਹਨ। ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਗੜਦੇ ਹਾਲਾਤ ਦਰਮਿਆਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਐਕਸ ’ਤੇ ਕਿਹਾ ਕਿ ਦੁਨੀਆ ਨੂੰ ਅਤਿਵਾਦ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਦਿਖਾਉਣੀ ਚਾਹੀਦੀ ਹੈ। ਇਹ ਵੀ ਪਤਾ ਲੱਗਾ ਹੈ ਕਿ ਭਾਰਤ ਨੇ ਅਮਰੀਕਾ ਨੂੰ ਹਮਲਿਆਂ ਬਾਰੇ ਜਾਣਕਾਰੀ ਦਿੱਤੀ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਉਹ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਰੂਬੀਓ ਨੇ ਮਗਰੋਂ ਪਾਕਿਸਤਾਨ ਦੇ NSA ਅਤੇ ISI ਮੁਖੀ ਲੈਫਟੀਨੈਂਟ ਜਨਰਲ ਅਸੀਮ ਮਲਿਕ ਨਾਲ ਵੀ ਗੱਲ ਕੀਤੀ।
ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਨੌਂ ਦਹਿਸ਼ਤੀ ਟਿਕਾਣੇ ਜਿਨ੍ਹਾਂ ਨੂੰ ਭਾਰਤ ਨੇ ਬੇਅਸਰ ਕੀਤਾ ਹੈ:
1. ਮਰਕਜ਼ ਸੁਭਾਨ ਅੱਲ੍ਹਾ, ਬਹਾਵਲਪੁਰ ਜੈਸ਼-ਏ-ਮੁਹੰਮਦ
2. ਮਰਕਜ਼ ਤਇਬਾ, ਮੁਰੀਦਕੇ ਲਸ਼ਕਰ-ਏ-ਤਇਬਾ
3. ਸਰਜਾਲ ਤੀਹਰਾਂ ਕਲਾਂ ਜੈਸ਼-ਏ-ਮੁਹੰਮਦ
4. ਮਹਿਮੂਨਾ ਜੋਇਆ, ਸਿਆਲਕੋਟ ਹਿਜਬੁਲ ਮੁਜਾਹਿਦੀਨ
5. ਮਰਕਜ਼ ਅਹਿਲੇ ਹਾਦਿਤ, ਬਰਨਾਲਾ, ਲਸ਼ਕਰ-ਏ-ਤਇਬਾ
6. ਮਰਕਜ਼ ਅੱਬਾਸ, ਕੋਟਲੀ ਜੈਸ਼-ਏ-ਮੁਹੰਮਦ
7. ਮਸਕਰ ਰਹੀ ਸ਼ਾਹਿਦ, ਕੋਟਲੀ ਹਿਜਬੁਲ ਮੁਜਾਹਿਦੀਨ
8. ਸ਼ਵਾਈ ਨਾਲਾ ਕੈਂਪ ਮੁਜ਼ੱਫਰਾਬਾਦ ਲਸ਼ਕਰ-ਏ-ਤਇਬਾ
9. ਸੱਯਦਾਨਾ ਬਿਲਾਲ ਕੈਂਪ ਮੁਜ਼ੱਫਰਾਬਾਦ ਜੈਸ਼-ਏ-ਮੁਹੰਮਦ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਹਥਿਆਰਬੰਦ ਬਲਾਂ ਵੱਲੋਂ ‘ਅਪਰੇਸ਼ਨ ਸਿੰਦੂਰ’ ਤਹਿਤ ਕੀਤੀ ਕਾਰਵਾਈ ਉੱਤੇ ਖ਼ੁਦ ਪੂਰੀ ਰਾਤ ਨਜ਼ਰ ਰੱਖੀ। ਇਹ ਦਾਅਵਾ ਸੂਤਰਾਂ ਨੇ ਖਬਰ ਏਜੰਸੀ ਏਐੱਨਆਈ ਕੋਲ ਕੀਤਾ ਹੈ।
ਸੂਤਰਾਂ ਨੇ ਅੱਗੇ ਦੱਸਿਆ ਕਿ ਭਾਰਤੀ ਫੌਜ ਵੱਲੋਂ ਨੌਂ ਟਿਕਾਣਿਆਂ ‘ਤੇ ਕੀਤੇ ਗਏ ਹਮਲੇ ਸਫ਼ਲ ਰਹੇ ਹਨ। ਭਾਰਤੀ ਹਥਿਆਰਬੰਦ ਬਲਾਂ ਨੇ ਭਾਰਤ ਵਿੱਚ ਦਹਿਸ਼ਤੀ ਸਰਗਰਮੀਆਂ ਨੂੰ ਸਰਪ੍ਰਸਤੀ ਦੇਣ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੇ ਜੈਸ਼-ਏ-ਮੁਹੰਮਦ ਅਤੇ ਲਸ਼ਕਰ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਉਣ ਦੇ ਇਰਾਦੇ ਨਾਲ ਹਮਲਿਆਂ ਲਈ ਟਿਕਾਣਿਆਂ ਦੀ ਚੋਣ ਕੀਤੀ ਸੀ।
ਰੱਖਿਆ ਮੰਤਰਾਲੇ ਦੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਬੁੱਧਵਾਰ ਵੱਡੇ ਤੜਕੇ ਭਾਰਤੀ ਫੌਜ ਨੇ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ, ਜਿਸ ਵਿੱਚ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਅਤੇ ਕਸ਼ਮੀਰ ਵਿੱਚ ਦਹਿਸ਼ਤੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੋਂ ਭਾਰਤ ਵਿਰੁੱਧ ਅੱਤਵਾਦੀ ਹਮਲਿਆਂ ਦੀ ਯੋਜਨਾ ਘੜੀ ਗਈ।