ਬਠਿੰਡਾ ਦੇ ਖੇਤਾਂ ’ਚ ਜੰਗੀ ਜਹਾਜ਼ ਹਾਦਸਾਗ੍ਰਸਤ; 1 ਹਲਾਕ, 9 ਜ਼ਖ਼ਮੀ

ਬਠਿੰਡਾ ਦੇ ਖੇਤਾਂ ’ਚ ਜੰਗੀ ਜਹਾਜ਼ ਹਾਦਸਾਗ੍ਰਸਤ; 1 ਹਲਾਕ, 9 ਜ਼ਖ਼ਮੀ

ਬਠਿੰਡਾ : ਬਠਿੰਡਾ ਦੇ ਪਿੰਡ ਆਕਲੀਆ ਖੁਰਦ ਦੇ ਖੇਤਾਂ ਵਿਚ ਬੁੱਧਵਾਰ ਵੱਡੇ ਤੜਕੇ ਕਰੀਬ 1.30 ਵਜੇ ਭਾਰਤੀ ਹਵਾਈ ਸੈਨਾ ਦਾ ਜੰਗੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਦੌਰਾਨ ਜਹਾਜ਼ ’ਚ ਧਮਾਕਾ ਹੋਣ ਕਾਰਨ ਨੇੜੇ ਖੜ੍ਹੇ ਲੋਕ ਇਸ ਦੀ ਲਪੇਟ ਵਿਚ ਆ ਗਏ। ਹਾਲਾਂਕਿ ਘਟਨਾ ਸਥਾਨ ’ਤੇ ਪੁਲੀਸ ਪ੍ਰਸਾਸ਼ਨ ਨੇ ਪਹੁੰਚ ਕੇ ਮੌਕੇ ਦੀ ਸਥਿਤੀ ਨੂੰ ਸੰਭਾਲਿਆ।

ਪੁਲੀਸ ਅਤੇ ਫੌਜ ਪ੍ਰਸ਼ਾਸਨ ਦੀ ਸਖਤੀ ਕਾਰਨ ਕਿਸੇ ਨੂੰ ਵੀ ਹਾਦਸੇ ਵਾਲੀ ਥਾਂ ਨੇੜੇ ਨਹੀਂ ਢੁੱਕਣ ਦਿੱਤਾ ਜਾ ਰਿਹਾ। ਇਹ ਜਹਾਜ਼ ਡਿੱਗਣ ਦੀ ਘਟਨਾ ਨੂੰ ਲੋਕਾਂ ਵੱਲੋਂ ਪਾਕਿਸਤਾਨੀ ਫੌਜੀ ਹਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਪਰ ਇਸ ਬਾਰੇ ਕਿਸੇ ਤਰ੍ਹਾਂ ਦੀ ਪੁਸ਼ਟੀ ਨਹੀਂ ਕੀਤੀ ਜਾ ਸਕੀ। ਪੁਲੀਸ ਇੰਸਪੈਕਟਰ ਅਮਰਿੰਦਰ ਸਿੰਘ ਨੇ ਦਬਵੀਂ ਸੁਰ ਵਿੱਚ ਮੰਨਿਆ ਹੈ ਕਿ ਇਕ ਆਮ ਨਾਗਰਿਕ ਦੀ ਮੌਤ ਹੋਣ ਦੀ ਖ਼ਬਰ ਹੈ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ, ਪਰ ਜਹਾਜ਼ ਦੇ ਪਾਇਲਟ ਬਾਰੇ ਹਾਲੇ ਤੱਕ ਪੁਸ਼ਟੀ ਨਹੀਂ ਹੋ ਸਕੀ ਹੈ।

ਉਧਰ ਪਿੰਡ ਆਕਲੀਆ ਦੇ ਸਰਪੰਚ ਕਾਲਾ ਸਿੰਘ ਨੇ ਦੱਸਿਆ ਹੈ ਕਿ ਦੋਵੇਂ ਪਾਇਲਟ ਸੁਰੱਖਿਤ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਉਧਰ ਲੋਕਾਂ ਨੇ ਦੱਸਿਆ ਕਿ ਬਿਸ਼ਨੰਦੀ ਪਿੰਡ ਵਿੱਚ ਖੇਤਾਂ ਵਿਚ ਜਹਾਜ਼ ਦਾ ਮਲਬਾ ਵੀ ਮਿਲਿਆ ਹੈ। ਪਿੰਡ ਦੇ ਪ੍ਰਤੱਖਦਰਸ਼ੀ ਲੋਕਾਂ ਦਾ ਕਹਿਣਾ ਹੈ ਕਿ ਰਾਤ ਵੇਲੇ ਜਹਾਜ਼ ਡਿੱਗਣ ਤੋਂ ਬਾਅਦ ਤਕਰੀਬਨ 35 ਫੁੱਟ ਉੱਚੀ ਲਾਟ ਉੱਪਰ ਵੱਲ ਗਈ ਤੇ ਲਗਾਤਾਰ ਅੱਧਾ ਘੰਟਾ ਧਮਾਕੇ ਹੁੰਦੇ ਰਹੇ। ਇਸ ਮੌਕੇ ਕੁੱਝ ਲੋਕ ਵੀਡੀਓ ਬਣਾਉਣ ਦੇ ਚੱਕਰ ਵਿੱਚ ਨੇੜੇ ਆ ਗਏ। ਉਨ੍ਹਾਂ ਦੱਸਿਆ ਕਿ ਐਂਬੂਲੈਂਸਾਂ ਸਮੇਤ ਥਾਣਾ ਨੇਹੀਆਂ ਵਾਲਾ ਦੀ ਪੁਲੀਸ ਅਤੇ ਫੌਜ ਦੇ ਅਧਿਕਾਰੀ ਤਕਰੀਬਨ 2 ਵਜੇ ਮੌਕੇ ’ਤੇ ਪੁੱਜ ਗਏ ਸਨ।

ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਗੋਵਿੰਦ ਪੁੱਤਰ ਓਮ ਪ੍ਰਕਾਸ਼ ਵਜੋਂ ਹੋਈ ਹੈ, ਜੋ ਕਿ ਹਰਿਆਣਾ ਦੇ ਚਰਖੀ ਦਾਦਰੀ ਦਾ ਰਹਿਣ ਵਾਲਾ ਇੱਕ ਖੇਤ ਮਜ਼ਦੂਰ ਸੀ। ਇਹ ਹਾਦਸਾ ਸਵੇਰੇ 2 ਵਜੇ ਦੇ ਕਰੀਬ ਕਣਕ ਦੇ ਖੇਤਾਂ ਵਿੱਚ ਹੋਇਆ, ਜੋ ਕਿ ਨੇੜਲੇ ਰਿਹਾਇਸ਼ੀ ਖੇਤਰ ਤੋਂ ਕਰੀਬ 500 ਮੀਟਰ ਦੂਰ ਹੈ। ਚਸ਼ਮਦੀਦਾਂ ਅਨੁਸਾਰ ਕਈ ਖੇਤ ਮਜ਼ਦੂਰ ਮੰਗਲਵਾਰ ਦੇਰ ਰਾਤ ਸਥਾਨਕ ਅਨਾਜ ਮੰਡੀ ਵਿਚ ਸਨ ਜਦੋਂ ਉਨ੍ਹਾਂ ਨੇ ਇੱਕ ਜਹਾਜ਼ ਨੂੰ ਅਸਾਧਾਰਨ ਤੌਰ ’ਤੇ ਹੇਠਾਂ ਆਉਂਦੇ ਦੇਖਿਆ ਅਤੇ ਕੁਝ ਪਲਾਂ ਬਾਅਦ ਇਹ ਖੇਤਾਂ ਵਿੱਚ ਹਾਦਸਾਗ੍ਰਸਤ ਹੋ ਗਿਆ।

ਜਹਾਜ਼ ਡਿੱਗਣ ਤੋਂ ਬਾਅਦ ਜਿਵੇਂ ਹੀ ਕੁਝ ਲੋਕ ਅੱਗ ਦੇ ਮਲਬੇ ਕੋਲ ਪਹੁੰਚੇ ਤਾਂ ਇੱਕ ਧਮਾਕਾ ਹੋਇਆ, ਜਿਸ ਵਿੱਚ ਗੋਵਿੰਦ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਨੌਂ ਹੋਰ ਜ਼ਖਮੀ ਹੋ ਗਏ। ਪਾਇਲਟ ਜਾਂ ਜਹਾਜ਼ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ। ਮੌਕੇ ’ਤੇ ਮੌਜੂਦ ਵਿਅਕਤੀਆਂ ਅਤੇ ਫੌਜੀ ਸੂਤਰਾਂ ਅਨੁਸਾਰ ਪਾਇਲਟ ਸੁਰੱਖਿਅਤ ਦੱਸੇ ਜਾ ਰਹੇ ਹਨ। ਅਧਿਕਾਰੀਆਂ ਨੇ ਇਲਾਕੇ ਨੂੰ ਘੇਰ ਲਿਆ ਹੈ, ਅਤੇ ਹਾਦਸੇ ਦੇ ਕਾਰਨਾਂ ਅਤੇ ਜਹਾਜ਼ ਦੀ ਪਛਾਣ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।

Share: