ਕਾਨਪੁਰ (ਯੂਪੀ) : ਜੰਮੂ-ਕਸ਼ਮੀਰ ਵਿਚ ਪਹਿਲਗਾਮ ਦੇ ਬੈਸਰਨ ਖੇਤਰ ਵਿਚ ਜ਼ਿਆਦਾਤਰ ਸੈਲਾਨੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਅਤਿਵਾਦੀ ਹਮਲੇ ਵਿਚ ਮਾਰੇ ਗਏ ਪੀੜਤਾਂ ਵਿਚੋਂ ਇਕ ਸ਼ੁਭਮ ਦਿਵੇਦੀ ਦੀ ਪਤਨੀ ਅਸ਼ਾਨਿਆ ਨੇ ਕਿਹਾ ਕਿ ਦੋਸ਼ੀਆਂ ਵਿਰੁੱਧ ਹੁਣ ਤੱਕ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ ਗਈ ਹੈ। ਇਸ ਖ਼ਬਰ ਏਜੰਸੀ ਨਾਲ ਗੱਲ ਕਰਦਿਆਂ ਅਸ਼ਾਨਿਆ ਨੇ ਕਿਹਾ ਕਿ ਉਹ ਨੌਕਰੀ ਜਾਂ ਮੁਆਵਜ਼ਾ ਨਹੀਂ ਮੰਗ ਰਹੀ ਹੈ, ਪਰ ਸਿਰਫ਼ ਇਹ ਚਾਹੁੰਦੀ ਹੈ ਕਿ ਉਸਦੇ ਪਤੀ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਉਨ੍ਹਾਂ ਕਿਹਾ, “ਨਾ ਤਾਂ ਸ਼ੁਭਮ ਨੂੰ ਸ਼ਹੀਦ ਵਜੋਂ ਮਾਨਤਾ ਮਿਲੀ ਹੈ, ਨਾ ਹੀ ਸਰਕਾਰ ਨੇ ਕਤਲਾਂ ਲਈ ਜ਼ਿੰਮੇਵਾਰ ਅਤਿਵਾਦੀਆਂ ਨੂੰ ਖਤਮ ਕੀਤਾ ਹੈ। ਮੈਨੂੰ ਨੌਕਰੀ ਜਾਂ ਪੈਸਾ ਨਹੀਂ ਚਾਹੀਦਾ – ਸਿਰਫ਼ ਆਪਣੇ ਸ਼ੁਭਮ ਲਈ ਸ਼ਹੀਦ ਦਾ ਦਰਜਾ ਚਾਹੀਦਾ। ਮੈਂ ਇਸ ਦਰਦ ਨੂੰ ਆਪਣੀ ਬਾਕੀ ਦੀ ਜ਼ਿੰਦਗੀ ਸਹਿਣ ਕਰਾਂਗੀ।’’
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਅਸ਼ਾਨਿਆ ਨੇ ਕਿਹਾ ਕਿ ਉਸ ਨੇ ਕਾਂਗਰਸ ਨੇਤਾ ਦੇ ਸਾਹਮਣੇ ਆਪਣੀ ਮੰਗ ਰੱਖੀ, ਜਿਨ੍ਹਾਂ ਨੇ ਉਸ ਨੂੰ ਭਰੋਸਾ ਦਿੱਤਾ ਕਿ ਉਹ ਸ਼ੁਭਮ ਨੂੰ ਸ਼ਹੀਦ ਦਾ ਦਰਜਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਣਗੇ।