ਮਾਸਕੋ : ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ 15 ਮਈ ਨੂੰ ਇਸਤਾਂਬੁਲ ਵਿੱਚ ਯੂਕਰੇਨ ਨਾਲ ‘ਬਿਨਾਂ ਸ਼ਰਤ’ ਸਿੱਧੀ ਗੱਲਬਾਤ ਸ਼ੁਰੂ ਕਰਨ ਦੀ ਤਜਵੀਜ਼ ਰੱਖੀ ਹੈ। ਪੂਤਿਨ ਨੇ ਐਤਵਾਰ ਤੜਕੇ ਕ੍ਰੈਮਲਿਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 2022 ਵਿੱਚ ਰੂਸ ਤੇ ਯੂਕਰੇਨ ਦਰਮਿਆਨ ਹੋਈ ਸ਼ਾਂਤੀ ਵਾਰਤਾ ‘ਮੁੜ ਸ਼ੁਰੂ’ ਕਰਨ ਦੀ ਤਜਵੀਜ਼ ਰੱਖੀ ਹੈ। ਪੂਤਿਨ ਨੇ ਇਹ ਤਜਵੀਜ਼ ਅਜਿਹੇ ਮੌਕੇ ਰੱਖੀ ਹੈ ਜਦੋਂ ਚਾਰ ਪ੍ਰਮੁੱਖ ਯੂਰਪੀ ਮੁਲਕਾਂ ਦੇ ਆਗੂ ਰੂਸ ਉੱਤੇ 30 ਦਿਨਾਂ ਦੀ ਗੋਲੀਬੰਦੀ ਬਾਰੇ ਸਹਿਮਤੀ ਲਈ ਦਬਾਅ ਬਣਾ ਰਹੇ ਹਨ ਤਾਂ ਜੋ ਜੰਗ ਖ਼ਤਮ ਕਰਨ ਲਈ ਸ਼ਾਂਤੀ ਵਾਰਤਾ ਹੋ ਸਕੇ। ਫਰਾਂਸ, ਬਰਤਾਨੀਆ, ਜਰਮਨੀ ਅਤੇ ਪੋਲੈਂਡ ਦੇ ਆਗੂਆਂ ਨੇ ਕਿਹਾ ਕਿ ਸੋਮਵਾਰ ਤੋਂ ਜੰਗਬੰਦੀ ਸ਼ੁਰੂ ਕਰਨ ਸਬੰਧੀ ਉਨ੍ਹਾਂ ਦੀ ਤਜਵੀਜ਼ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਪੂਰੀ ਹਮਾਇਤ ਹਾਸਲ ਹੈ। ਪੂਤਿਨ ਨੇ ਸ਼ਨਿੱਚਰਵਾਰ ਨੂੰ ਆਪਣੇ ਬਿਆਨ ਵਿੱਚ ਜੰਗਬੰਦੀ ਦੀ ਨਵੀਂ ਤਜਵੀਜ਼ ਬਾਰੇ ਸਿੱਧੇ ਤੌਰ ’ਤੇ ਕੋਈ ਟਿੱਪਣੀ ਨਹੀਂ ਕੀਤੀ ਸੀ ਜਦੋਂ ਕਿ ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੈਸਕੋਵ ਨੇ ‘ਸੀਐੱਨਐੱਨ’ ਨੂੰ ਦੱਸਿਆ ਸੀ ਕਿ ਮਾਸਕੋ ਇਸ ਬਾਰੇ ਵਿਚਾਰ ਕਰੇਗਾ।
ਨਾਜ਼ੀ ਜਰਮਨੀ ਉੱਤੇ ਜਿੱਤ ਦੀ 80ਵੀਂ ਵਰ੍ਹੇਗੰਢ ਮਨਾਉਣ ਲਈ ਰੂਸ ਵੱਲੋਂ ਐਲਾਨੀ ਗਈ ਇੱਕਪਾਸੜ ਤਿੰਨ ਦਿਨਾਂ ਦੀ ਜੰਗਬੰਦੀ ਸ਼ਨਿੱਚਰਵਾਰ ਨੂੰ ਖ਼ਤਮ ਹੋ ਗਈ। ਉਂਜ ਯੂਕਰੇਨ ਨੇ ਕਿਹਾ ਕਿ ਰੂਸੀ ਫੌਜਾਂ ਨੇ ਵਾਰ-ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਅਮਰੀਕਾ ਨੇ ਮਾਰਚ ਵਿੱਚ ਫੌਰੀ ਅਤੇ 30 ਦਿਨਾਂ ਦੀ ਜੰਗਬੰਦੀ ਦੀ ਤਜਵੀਜ਼ ਰੱਖੀ ਸੀ, ਜਿਸ ਨੂੰ ਯੂਕਰੇਨ ਨੇ ਸਵੀਕਾਰ ਕਰ ਲਿਆ ਸੀ ਪਰ ਰੂਸ ਨੇ ਆਪਣੀਆਂ ਸ਼ਰਤਾਂ ਤਹਿਤ ਜੰਗਬੰਦੀ ’ਤੇ ਜ਼ੋਰ ਦਿੱਤਾ ਸੀ। ਯੂਕਰੇਨ ਦੇ ਵਿਦੇਸ਼ ਮੰਤਰੀ ਆਂਦਰੇਈ ਸਿਬੀਹਾ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਯੂਕਰੇਨ ਤੇ ਉਸ ਦੇ ਸਹਿਯੋਗੀ ਸੋਮਵਾਰ ਤੋਂ ਘੱਟੋ-ਘੱਟ 30 ਦਿਨਾਂ ਲਈ ਰੂਸ ਨਾਲ ‘ਮੁਕੰਮਲ ਤੇ ਬਿਨਾਂ ਸ਼ਰਤ ਜੰਗਬੰਦੀ’ ਲਈ ਤਿਆਰ ਹਨ।
ਸ਼ਾਂਤੀ ਵਾਰਤਾ ਤੋਂ ਪਹਿਲਾਂ ਜੰਗਬੰਦੀ ਹੋਵੇ: ਜ਼ੇਲੈਂਸਕੀ
ਕੀਵ: ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਰੂਸ ਵੱਲੋਂ ਸਿੱਧੀ ਸ਼ਾਂਤੀ ਵਾਰਤਾ ਦੀ ਪੇਸ਼ਕਸ਼ ਦਾ ਸਵਾਗਤ ਕੀਤਾ ਹੈ ਪਰ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਮੁਕੰਮਲ ਤੌਰ ’ਤੇ ਜੰਗਬੰਦੀ ਹੋਣੀ ਚਾਹੀਦੀ ਹੈ। ਜ਼ੇਲੈਂਸਕੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵੱਲੋਂ ਜੰਗਬੰਦੀ ਲਈ ਗੱਲਬਾਤ ਸ਼ੁਰੂ ਕਰਨ ਦੇ ਦਿੱਤੇ ਸੱਦੇ ਨੂੰ ‘ਹਾਂ-ਪੱਖੀ ਸੰਕੇਤ’ ਦੱਸਿਆ ਅਤੇ ਕਿਹਾ ਕਿ ਪੂਰੀ ਦੁਨੀਆ ਬਹੁਤ ਲੰਮੇ ਸਮੇਂ ਤੋਂ ਇਸ ਦੀ ਉਡੀਕ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਕਿਸੇ ਵੀ ਜੰਗ ਦੇ ਖ਼ਾਤਮੇ ਲਈ ਜੰਗਬੰਦੀ ਸਭ ਤੋਂ ਪਹਿਲਾ ਕਦਮ ਹੁੰਦਾ ਹੈ। ਇਸ ਦੌਰਾਨ ਰੂਸ ਨੇ ਅੱਜ ਤੜਕੇ ਯੂਕਰੇਨ ’ਤੇ 108 ਡਰੋਨਾਂ ਨਾਲ ਹਮਲਾ ਕੀਤਾ। ਯੂਕਰੇਨੀ ਹਵਾਈ ਸੈਨਾ ਨੇ ਕਿਹਾ ਕਿ ਉਨ੍ਹਾਂ 60 ਡਰੋਨ ਡੇਗ ਦਿੱਤੇ ਅਤੇ 41 ਹੋਰ ਆਪਣੇ ਨਿਸ਼ਾਨੇ ’ਤੇ ਪੁੱਜਣ ’ਚ ਨਾਕਾਮ ਰਹੇ।