ਰਾਜੌਰੀ ਵਿਚ ਪਾਕਿ ਗੋਲਾਬਾਰੀ ’ਚ ਏਡੀਸੀ ਦੀ ਮੌਤ, ਦੋ ਸਟਾਫ਼ ਮੈਂਬਰ ਗੰਭੀਰ ਜ਼ਖ਼ਮੀ

ਰਾਜੌਰੀ ਵਿਚ ਪਾਕਿ ਗੋਲਾਬਾਰੀ ’ਚ ਏਡੀਸੀ ਦੀ ਮੌਤ, ਦੋ ਸਟਾਫ਼ ਮੈਂਬਰ ਗੰਭੀਰ ਜ਼ਖ਼ਮੀ

ਜੰਮੂ : ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਸ਼ਨਿੱਚਰਵਾਰ ਤੜਕੇ ਕੀਤੀ ਗੋਲਾਬਾਰੀ ਵਿਚ ਇਕ ਸਰਕਾਰੀ ਅਧਿਕਾਰੀ ਦੀ ਮੌਤ ਹੋ ਗਈ ਜਦੋਂਕਿ ਉਸ ਦੇ ਦੋ ਸਟਾਫ਼ ਮੈਂਬਰ ਗੰਭੀਰ ਜ਼ਖ਼ਮੀ ਦੱਸੇ ਜਾਂਦੇ ਹਨ।

ਅਧਿਕਾਰੀਆਂ ਨੇ ਕਿਹਾ ਕਿ ਵਧੀਕ ਡਿਪਟੀ ਕਮਿਸ਼ਨਰ (ADC) ਰਾਜੌਰੀ ਰਾਜ ਕੁਮਾਰ ਥਾਪਾ ਤੇ ਉਨ੍ਹਾਂ ਦੇ ਦੋ ਸਟਾਫ਼ ਮੈਂਬਰ ਰਾਜੌਰੀ ਕਸਬੇ ਵਿਚ ਘਰ ਉੱਤੇ ਡਿੱਗੇ ਗੋਲੇ ਕਰਕੇ ਗੰਭੀਰ ਜ਼ਖ਼ਮੀ ਹੋ ਗਏ। ਤਿੰਨਾਂ ਨੂੰ ਫੌਰੀ ਸਰਕਾਰੀ ਮੈਡੀਕਲ ਕਾਲਜ ਲਿਆਂਦਾ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਥਾਪਾ ਦੀ ਮੌਤ ਹੋ ਗਈ ਜਦੋਂਕਿ ਉਨ੍ਹਾਂ ਦੇ ਸਟਾਫ ਮੈਂਬਰਾਂ ਦੀ ਹਾਲਤ ਗੰਭੀਰ ਹੈ।

ਮੁੱਖ ਮੰਤਰੀ ਉਮਰ ਅਬਦੁੱਲਾ ਨੇ ਥਾਪਾ ਦੀ ਮੌਤ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਸੰਵੇਦਨਾਵਾਂ ਜ਼ਾਹਿਰ ਕੀਤੀਆਂ ਹਨ। ਅਬਦੁੱੱਲਾ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਰਾਜੌਰੀ ਤੋਂ ਭਿਆਨਕ ਖ਼ਬਰ। ਅਸੀਂ ਜੰਮੂ-ਕਸ਼ਮੀਰ ਪ੍ਰਸ਼ਾਸਨਿਕ ਸੇਵਾਵਾਂ ਦੇ ਇੱਕ ਸਮਰਪਿਤ ਅਧਿਕਾਰੀ ਨੂੰ ਗੁਆ ਦਿੱਤਾ ਹੈ। ਕੱਲ੍ਹ ਹੀ ਉਹ ਜ਼ਿਲ੍ਹੇ ਦੇ ਆਲੇ-ਦੁਆਲੇ ਉਪ ਮੁੱਖ ਮੰਤਰੀ ਨਾਲ ਸੀ ਅਤੇ ਮੇਰੀ ਪ੍ਰਧਾਨਗੀ ਹੇਠ ਹੋਈ ਆਨਲਾਈਨ ਮੀਟਿੰਗ ਵਿੱਚ ਸ਼ਾਮਲ ਹੋਇਆ ਸੀ।’’

ਮੁੱਖ ਮੰਤਰੀ ਨੇ ਕਿਹਾ, ‘‘ਰਾਜੌਰੀ ਸ਼ਹਿਰ ਨੂੰ ਨਿਸ਼ਾਨਾ ਬਣਾ ਕੇ ਕੀਤੀ ਗੋਲਾਬਾਰੀ ਵਿੱਚ ਸਾਡੇ ਵਧੀਕ ਜ਼ਿਲ੍ਹਾ ਵਿਕਾਸ ਕਮਿਸ਼ਨਰ ਸ੍ਰੀ ਰਾਜ ਕੁਮਾਰ ਥਾਪਾ ਦੀ ਮੌਤ ਹੋ ਗਈ। ਇਸ ਭਿਆਨਕ ਜਾਨੀ ਨੁਕਸਾਨ ’ਤੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ ਹਨ। ਉਸ ਦੀ ਆਤਮਾ ਨੂੰ ਸ਼ਾਂਤੀ ਮਿਲੇ।’’

Share: