ਨਵੀਂ ਦਿੱਲੀ : ਸਰਕਾਰ ਪਹਿਲਗਾਮ ’ਚ ਅਤਿਵਾਦੀ ਹਮਲੇ ਦੇ ਜਵਾਬ ’ਚ ਚਲਾਏ ਗਏ ‘ਅਪਰੇਸ਼ਨ ਸਿੰਧੂਰ’ ਮਗਰੋਂ ਹਮਲਾਵਰ ਕੂਟਨੀਤਕ ਮੁਹਿੰਮ ਤਹਿਤ ਆਲਮੀ ਮੰਚਾਂ ’ਤੇ ਭਾਰਤ ਦੇ ਪੱਖ ਨੂੰ ਮਜ਼ਬੂਤੀ ਨਾਲ ਰੱਖਣ ਅਤੇ ਪਾਕਿਸਤਾਨ ਵੱਲੋਂ ਅਤਿਵਾਦ ਦੀ ਕੀਤੀ ਜਾ ਰਹੀ ਪੁਸ਼ਤਪਨਾਹੀ ਦਾ ਪਰਦਾਫਾਸ਼ ਕਰਨ ਲਈ ਅਗਲੇ ਹਫ਼ਤੇ ਤੋਂ ਵੱਖ ਵੱਖ ਮੁਲਕਾਂ ’ਚ ਸਰਬ-ਪਾਰਟੀ ਵਫ਼ਦ ਭੇਜੇਗੀ। ਹੁਕਮਰਾਨ ਭਾਜਪਾ ਅਤੇ ਮੁੱਖ ਵਿਰੋਧੀ ਧਿਰ ਕਾਂਗਰਸ ਸਮੇਤ ਵੱਖ ਵੱਖ ਸਿਆਸੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਸਰਕਾਰ ਨੇ ਇਸ ਮੁਹਿੰਮ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ ਅਤੇ ਕੁਝ ਪਾਰਟੀਆਂ ਨੇ ਆਪਣੇ ਮੈਂਬਰਾਂ ਨੂੰ ਭੇਜਣ ਦੀ ਮਨਜ਼ੂਰੀ ਵੀ ਦੇ ਦਿੱਤੀ ਹੈ। ਸੂਤਰਾਂ ਨੇ ਕਿਹਾ ਕਿ ਕੁਝ ਸਾਬਕਾ ਮੰਤਰੀ ਵਫ਼ਦਾਂ ਦੀ ਅਗਵਾਈ ਕਰਨਗੇ। ਵਿਦੇਸ਼ ਜਾਣ ਵਾਲੇ ਵਫ਼ਦਾਂ ਜਾਂ ਉਸ ਦੇ ਮੈਂਬਰਾਂ ਦੀ ਗਿਣਤੀ ਨੂੰ ਲੈ ਕੇ ਹਾਲੇ ਕੋਈ ਸਪੱਸ਼ਟਤਾ ਨਹੀਂ ਹੈ ਪਰ ਕੁਝ ਆਗੂਆਂ ਨੇ ਕਿਹਾ ਕਿ 30 ਤੋਂ ਵੱਧ ਸੰਸਦ ਮੈਂਬਰ ਇਸ ਮੁਹਿੰਮ ’ਚ ਸ਼ਾਮਲ ਕੀਤੇ ਜਾ ਸਕਦੇ ਹਨ। ਵਫ਼ਦ 10 ਦਿਨਾਂ ਲਈ ਵੱਖ ਵੱਖ ਮੁਲਕਾਂ ਦਾ ਦੌਰਾ ਕਰਨਗੇ। ਸਰਕਾਰ ਵੱਲੋਂ ਤੈਅ ਮੁਲਕਾਂ ਦੇ ਦੌਰੇ ’ਤੇ ਹੀ ਸੰਸਦ ਮੈਂਬਰ ਜਾਣਗੇ। ਸੂਤਰਾਂ ਨੇ ਦੱਸਿਆ ਕਿ ਜਿਨ੍ਹਾਂ ਪਾਰਟੀਆਂ ਦੇ ਸੰਸਦ ਮੈਂਬਰ ਵਫ਼ਦ ਦਾ ਹਿੱਸਾ ਹੋਣਗੇ, ਉਨ੍ਹਾਂ ’ਚ ਭਾਜਪਾ, ਕਾਂਗਰਸ, ਤ੍ਰਿਣਮੂਲ ਕਾਂਗਰਸ, ਡੀਐੱਮਕੇ, ਐੱਨਸੀਪੀ (ਐੱਸਪੀ), ਜਨਤਾ ਦਲ (ਯੂਨਾਈਟਿਡ), ਬੀਜੇਡੀ, ਸੀਪੀਐੱਮ ਅਤੇ ਹੋਰ ਪਾਰਟੀਆਂ ਸ਼ਾਮਲ ਹਨ। ਇਕ ਆਗੂ ਨੇ ਕਿਹਾ ਕਿ ਉਨ੍ਹਾਂ ਨੂੰ 22-23 ਮਈ ਤੱਕ 10 ਦਿਨਾਂ ਲਈ ਰਵਾਨਾ ਹੋਣ ਵਾਸਤੇ ਤਿਆਰ ਰਹਿਣ ਲਈ ਆਖਿਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਅਤੇ ਉੜੀਸਾ ਤੋਂ ਭਾਜਪਾ ਦੀ ਸੰਸਦ ਮੈਂਬਰ ਅਪਰਾਜਿਤਾ ਸਾਰੰਗੀ ਹੁਕਮਰਾਨ ਧਿਰ ਦੇ ਮੈਂਬਰ ਵਜੋਂ ਵਫ਼ਦ ’ਚ ਸ਼ਾਮਲ ਹੋਣਗੇ। ਕਾਂਗਰਸ ਸੰਸਦ ਮੈਂਬਰਾਂ ’ਚ ਸ਼ਸ਼ੀ ਥਰੂਰ, ਮਨੀਸ਼ ਤਿਵਾੜੀ, ਸਲਮਾਨ ਖੁਰਸ਼ੀਦ ਅਤੇ ਅਮਰ ਸਿੰਘ, ਤ੍ਰਿਣਮੂਲ ਕਾਂਗਰਸ ਦੇ ਸੁਦੀਪ ਬੰਦੋਪਾਧਿਆਏ, ਜਨਤਾ ਦਲ (ਯੂ) ਦੇ ਸੰਜੇ ਝਾਅ, ਬੀਜੇਡੀ ਦੇ ਐੱਸ ਪਾਤਰਾ, ਸੀਪੀਐੱਮ ਦੇ ਜੌਹਨ ਬ੍ਰਿਟਾਸ, ਸ਼ਿਵ ਸੈਨਾ (ਯੂਬੀਟੀ) ਦੀ ਪ੍ਰਿਯੰਕਾ ਚਤੁਰਵੇਦੀ, ਐੱਨਸੀਪੀ (ਐੱਸਪੀ) ਦੀ ਸੁਪ੍ਰਿਯਾ ਸੂਲੇ, ਡੀਐੱਮਕੇ ਦੀ ਕੇ. ਕਨੀਮੋੜੀ, ਏਆਈਐੱਮਆਈਐੱਮ ਦੇ ਅਸਦ-ਉਦ-ਦੀਨ ਓਵਾਇਸੀ ਤੇ ‘ਆਪ’ ਦੇ ਵਿਕਰਮਜੀਤ ਸਿੰਘ ਸਾਹਨੀ ਤੇ ਹੋਰ ਆਗੂ ਵਫ਼ਦਾਂ ’ਚ ਸ਼ਾਮਲ ਹੋ ਸਕਦੇ ਹਨ।
ਆਈਐੱਮਐੱਫ ਪਾਕਿ ਨੂੰ ਸਹਾਇਤਾ ਨਾ ਦੇਵੇ: ਰਾਜਨਾਥ
ਭੁੱਜ: ਭਾਰਤ ਨੇ ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਨੂੰ ਆਖਿਆ ਹੈ ਕਿ ਉਹ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਇਕ ਅਰਬ ਡਾਲਰ ਦੀ ਸਹਾਇਤਾ ਬਾਰੇ ਮੁੜ ਤੋਂ ਵਿਚਾਰ ਕਰੇ ਕਿਉਂਕਿ ਉਹ ਇਸ ਦੀ ਵਰਤੋਂ ਦਹਿਸ਼ਤੀ ਕਾਰਵਾਈਆਂ ਦੀ ਫੰਡਿੰਗ ਲਈ ਕਰ ਸਕਦਾ ਹੈ। ਇਥੇ ਸੈਨਾ ਦੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, ‘‘ਭਾਰਤ ਨਹੀਂ ਚਾਹੁੰਦਾ ਕਿ ਉਹ ਜੋ ਪੈਸਾ ਆਈਐੱਮਐੱਫ ਨੂੰ ਦਿੰਦਾ ਹੈ, ਉਸ ਦੀ ਵਰਤੋਂ ਸਿੱਧੇ ਜਾਂ ਅਸਿੱਧੇ ਤੌਰ ’ਤੇ ਪਾਕਿਸਤਾਨ ਜਾਂ ਕਿਸੇ ਹੋਰ ਮੁਲਕ ’ਚ ਅਤਿਵਾਦੀ ਬੁਨਿਆਦੀ ਢਾਂਚਾ ਤਿਆਰ ਕਰਨ ’ਚ ਕੀਤੀ ਜਾਵੇ। ਅੱਜ ਦੇ ਸਮੇਂ ’ਚ ਪਾਕਿਸਤਾਨ ਨੂੰ ਕਿਸੇ ਕਿਸਮ ਦੀ ਵੀ ਵਿੱਤੀ ਸਹਾਇਤਾ ਦਹਿਸ਼ਤੀ ਫੰਡਿੰਗ ਤੋਂ ਘੱਟ ਨਹੀਂ ਹੈ।’’ ਸੁਰੱਖਿਆ ਹਾਲਾਤ ਦੀ ਨਜ਼ਰਸਾਨੀ ਕਰਨ ਲਈ ਭੁੱਜ ਏਅਰ ਫੋਰਸ ਸਟੇਸ਼ਨ ’ਤੇ ਪੁੱਜੇ ਰਾਜਨਾਥ ਨੇ ਅਤਿਵਾਦ ਖ਼ਿਲਾਫ਼ ਮੁਹਿੰਮ ’ਚ ਸੈਨਾ ਵੱਲੋਂ ਦਿੱਤੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, ‘‘ਜੋ ਕੁਝ ਹੋਇਆ ਹੈ, ਉਹ ਤਾਂ ਇਕ ਟਰੇਲਰ ਹੈ। ਅਸੀਂ ਸਹੀ ਸਮੇਂ ’ਤੇ ਦੁਨੀਆ ਨੂੰ ਪੂਰੀ ਪਿਕਚਰ ਵੀ ਦਿਖਾਵਾਂਗੇ। ਅਸੀਂ ਸਪੱਸ਼ਟ ਕਰ ਦਿੱਤਾ ਹੈ ਕਿ ਜੇ ਕੋਈ ਸਾਡੀ ਖੁਦਮੁਖਤਿਆਰੀ ਨੂੰ ਢਾਹ ਲਾਵੇਗਾ ਤਾਂ ਉਸ ਨਾਲ ਸਖ਼ਤੀ ਨਾਲ ਸਿੱਝਿਆ ਜਾਵੇਗਾ।’’
ਕਾਂਗਰਸ ਵੱਲੋਂ ਸਰਕਾਰ ’ਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼
ਨਵੀਂ ਦਿੱਲੀ: ਸਰਕਾਰ ’ਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਾਉਂਦਿਆਂ ਕਾਂਗਰਸ ਨੇ ਅੱਜ ਕਿਹਾ ਕਿ ਇਕ ਪਾਸੇ ਸਰਕਾਰ ਬਹੁ-ਪਾਰਟੀ ਵਫ਼ਦਾਂ ਨੂੰ ਵਿਦੇਸ਼ ਭੇਜਣ ਦੀ ਮੁਹਿੰਮ ਵਿੱਢ ਰਹੀ ਹੈ ਅਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਅਪਰੇਸ਼ਨ ਸਿੰਧੂਰ’ ਦਾ ਸਿਆਸੀ ਲਾਹਾ ਲੈਣ ਲਈ ਅਗਲੇ ਹਫ਼ਤੇ ਸਿਰਫ਼ ਐੱਨਡੀਏ ਦੇ ਮੁੱਖ ਮੰਤਰੀਆਂ ਨਾਲ ਮੁਲਾਕਾਤ ਕਰਨ ਜਾ ਰਹੇ ਹਨ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਕਿਹਾ ਕਿ ਕੂਟਨੀਤਕ ਮੁਹਿੰਮ ਜ਼ਰੂਰੀ ਹੈ ਪਰ ਉਹ ਦੋਹਰੇ ਮਾਪਦੰਡ ਕਿਉਂ ਅਪਣਾ ਰਹੇ ਹਨ ਅਤੇ ਉਨ੍ਹਾਂ ਸਰਬ-ਪਾਰਟੀ ਮੀਟਿੰਗਾਂ ’ਚ ਹਿੱਸਾ ਤੱਕ ਨਹੀਂ ਲਿਆ ਸੀ।
ਕਾਂਗਰਸ ਵੱਲੋਂ ਸਰਕਾਰ ’ਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼
ਨਵੀਂ ਦਿੱਲੀ: ਸਰਕਾਰ ’ਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਾਉਂਦਿਆਂ ਕਾਂਗਰਸ ਨੇ ਅੱਜ ਕਿਹਾ ਕਿ ਇਕ ਪਾਸੇ ਸਰਕਾਰ ਬਹੁ-ਪਾਰਟੀ ਵਫ਼ਦਾਂ ਨੂੰ ਵਿਦੇਸ਼ ਭੇਜਣ ਦੀ ਮੁਹਿੰਮ ਵਿੱਢ ਰਹੀ ਹੈ ਅਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਅਪਰੇਸ਼ਨ ਸਿੰਧੂਰ’ ਦਾ ਸਿਆਸੀ ਲਾਹਾ ਲੈਣ ਲਈ ਅਗਲੇ ਹਫ਼ਤੇ ਸਿਰਫ਼ ਐੱਨਡੀਏ ਦੇ ਮੁੱਖ ਮੰਤਰੀਆਂ ਨਾਲ ਮੁਲਾਕਾਤ ਕਰਨ ਜਾ ਰਹੇ ਹਨ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਕਿਹਾ ਕਿ ਕੂਟਨੀਤਕ ਮੁਹਿੰਮ ਜ਼ਰੂਰੀ ਹੈ ਪਰ ਉਹ ਦੋਹਰੇ ਮਾਪਦੰਡ ਕਿਉਂ ਅਪਣਾ ਰਹੇ ਹਨ ਅਤੇ ਉਨ੍ਹਾਂ ਸਰਬ-ਪਾਰਟੀ ਮੀਟਿੰਗਾਂ ’ਚ ਹਿੱਸਾ ਤੱਕ ਨਹੀਂ ਲਿਆ ਸੀ।