ਵਾਸ਼ਿੰਗਟਨ : ਅਮਰੀਕਾ ਵਿਚ ਆਨਲਾਈਨ ਖਰੀਦਦਾਰੀ ਕਰਨ ਵਾਲਿਆਂ ਨੂੰ ਚੀਨ ਤੋਂ ਆਉਣ ਵਾਲੇ $800 ਤੋਂ ਘੱਟ ਕੀਮਤ ਵਾਲੇ ਪੈਕੇਜਾਂ ’ਤੇ ਛੂਟ ਮਿਲਣ ਜਾ ਰਹੀ। ਇਹ ਰਾਹਤ ਅਮਰੀਕਾ ਅਤੇ ਚੀਨ ਵੱਲੋਂ 90 ਦਿਨਾਂ ਲਈ ਉੱਚ ਟੈਕਸ ਦਰਾਂ ਘਟਾਉਣ ’ਤੇ ਸਹਿਮਤੀ ਪ੍ਰਗਟਾਉਣ ਤੋਂ ਬਾਅਦ ਸੰਭਵ ਹੋਈ ਹੈ।
ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਇਕ ਕਾਰਜਕਾਰੀ ਹੁਕਮਾਂ ਅਨੁਸਾਰ ਚੀਨ ਤੋਂ ਆ ਰਹੇ ਅਤੇ ਅਮਰੀਕੀ ਡਾਕ ਸੇਵਾ ਰਾਹੀਂ ਭੇਜੇ ਜਾ ਰਹੇ ਘੱਟ ਕੀਮਤ ਵਾਲੇ ਪਾਰਸਲਾਂ ’ਤੇ ਲੱਗਣ ਵਾਲਾ ਟੈਕਸ 120 ਫੀਸਦੀ ਤੋਂ ਘਟਾ ਕੇ 54 ਫੀਸਦੀ ਕਰ ਦਿੱਤਾ ਗਿਆ ਹੈ। ਇਸ ਵਿਚ ਇਹ ਵੀ ਕਿਹਾ ਗਿਆ ਕਿ ਪ੍ਰਤੀ ਪੈਕੇਜ ਫਲੈਟ ਦਰ ਵਾਲਾ ਮੁੱਲ-ਅਧਾਰਤ ਟੈਕਸ, ਜੋ ਪਹਿਲਾਂ ਇਕ ਜੂਨ ਤੋਂ 200 ਡਾਲਰ ਕਰਨ ਦੀ ਯੋਜਨਾ ਸੀ, ਹੁਣ 100 ਡਾਲਰ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਵਪਾਰਕ ਕੈਰੀਅਰਾਂ ਰਾਹੀਂ ਭੇਜੇ ਜਾਣ ਵਾਲੇ ਪੈਕੇਜਾਂ ’ਤੇ ਲੱਗਣ ਵਾਲਾ ਆਮ ਟੈਕਸ ਵੀ ਘਟਾਇਆ ਗਿਆ ਹੈ। ਇਹ ਨਵੇਂ ਨਿਯਮ ਬੁੱਧਵਾਰ(ਅੱਜ) ਤੋਂ ਲਾਗੂ ਹੋਣਗੇ।ਇਹ ਸਵਿਟਜ਼ਰਲੈਂਡ ਵਿਚ ਚੀਨੀ ਅਧਿਕਾਰੀਆਂ ਨਾਲ ਹਫਤੇ ਦੇ ਅੰਤ ਵਿਚ ਹੋਈ ਗੱਲਬਾਤ ਤੋਂ ਬਾਅਦ ਅਮਰੀਕੀ ਪ੍ਰਸ਼ਾਸਨ ਵੱਲੋਂ ਸਾਰੇ ਚੀਨੀ ਸਮਾਨ ’ਤੇ ਦਰਾਮਦ ਟੈਕਸਾਂ ਨੂੰ 145 ਫੀਸਦੀ ਤੋਂ ਘਟਾ ਕੇ 30 ਫੀਸਦੀ ਕਰਨ ਲਈ ਇਕ ਵਿਆਪਕ ਸਮਝੌਤੇ ਦਾ ਹਿੱਸਾ ਹਨ। ਚੀਨ ਨੇ ਮੰਗਲਵਾਰ ਨੂੰ ਇਕ ਜਨਤਕ ਨੋਟਿਸ ਜਾਰੀ ਕਰਕੇ ਅਮਰੀਕੀ ਵਸਤੂਆਂ ’ਤੇ ਆਪਣੇ ਟੈਕਸ ਨੂੰ 125 ਫੀਸਦੀ ਤੋਂ ਘਟਾ ਕੇ 10 ਫੀਸਦੀ ਕਰ ਦਿੱਤਾ ਹੈ। ਹਾਲਾਂਕਿ ਇਹ ਕਟੌਤੀ ਅਸਥਾਈ ਹੈ ਜਿਸ ਨਾਲ ਦੋਨਾਂ ਪੱਖਾਂ ਨੂੰ ਅਗਲੇ 90 ਦਿਨਾਂ ਵਿਚ ਇਕ ਲੰਬੇ ਸਮੇਂ ਦੇ ਸਮਝੌਤੇ ਉੱਤੇ ਗੱਲਬਾਤ ਕਰਨ ਦਾ ਮੌਕਾ ਮਿਲੇਗਾ। ਟੈਕਸ ਵਿੱਚ ਕਟੌਤੀ ’ਤੇ Shein ਅਤੇ Temu ਦੋਵਾਂ ਵੱਲੋਂ ਟਿੱਪਣੀ ਮੰਗੀ ਗਈ, ਪਰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ।