ਸ਼ਿਮਲਾ : ਇੱਥੇ ਵਿਮਲ ਨੇਗੀ ਮੌਤ ਦਾ ਮਾਮਲਾ ਗਰਮਾ ਗਿਆ ਹੈ। ਇਸ ਮਾਮਲੇ ਵਿਚ ਸੀਬੀਆਈ ਵੱਲੋਂ ਕੇਸ ਦਰਜ ਕਰਨ ਤੋਂ ਬਾਅਦ ਵਧੀਕ ਮੁੱਖ ਸਕੱਤਰ (ਗ੍ਰਹਿ) ਓਂਕਾਰ ਸ਼ਰਮਾ, ਪੁਲੀਸ ਡਾਇਰੈਕਟਰ ਜਨਰਲ ਅਤੁਲ ਵਰਮਾ ਅਤੇ ਸ਼ਿਮਲਾ ਦੇ ਪੁਲੀਸ ਸੁਪਰਡੈਂਟ ਸੰਜੀਵ ਕੁਮਾਰ ਗਾਂਧੀ ਨੂੰ ਅੱਜ ਛੁੱਟੀ ’ਤੇ ਭੇਜ ਦਿੱਤਾ ਗਿਆ ਹੈ। ਇਸ ਸਭ ਉਸ ਵੇਲੇ ਹੋਇਆ ਹੈ ਜਦੋਂ ਸੀਬੀਆਈ ਨੇ ਵਿਮਲ ਨੇਗੀ ਦੀ ਮੌਤ ਦੇ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਸੀ ਅਤੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਅੱਜ ਸ਼ਾਮ ਵੇਲੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਮੁੱਖ ਮੰਤਰੀ ਸੁੱਖੂ ਨੇ ਐਚਪੀਪੀਸੀਐਲ ਇੰਜੀਨੀਅਰ ਵਿਮਲ ਨੇਗੀ ਦੀ ਮੌਤ ਦੀ ਜਾਂਚ ਵਿੱਚ ਸ਼ਾਮਲ ਅਫਸਰਾਂ ਬਾਰੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਸੀ ਕਿ ਅਫਸਰਾਂ ਦੀ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਸ਼ਿਮਲਾ ਦੇ ਐਸਪੀ ਗਾਂਧੀ ਨੇ ਹਾਲ ਹੀ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਡੀਜੀਪੀ ਵਰਮਾ ਅਤੇ ਹੋਰਾਂ ਵਿਰੁੱਧ ਗੰਭੀਰ ਦੋਸ਼ ਲਗਾਏ ਸਨ। ਡੀਜੀਪੀ ਨੇ ਬਾਅਦ ਵਿੱਚ ਏਸੀਐਸ (ਹੋਮ) ਨੂੰ ਪੱਤਰ ਲਿਖ ਕੇ ਐਸਪੀ ਦੀ ਮੁਅੱਤਲੀ ਦੀ ਮੰਗ ਕੀਤੀ ਸੀ। ਮੁੱਖ ਮੰਤਰੀ ਨੇ ਡੀਜੀਪੀ ਵਰਮਾ ਅਤੇ ਐਸਪੀ ਗਾਂਧੀ ਦਰਮਿਆਨ ਚੱਲ ਰਹੀ ਤਕਰਾਰ ਅਤੇ ਏਸੀਐਸ (ਹੋਮ) ਨਾਲ ਆਪਣੀ ਤੱਥ ਖੋਜ ਰਿਪੋਰਟ ਪੇਸ਼ ਕਰਨ ਸਮੇਂ ਐਡਵੋਕੇਟ ਜਨਰਲ ਦਫਤਰ ਨੂੰ ਬਾਈਪਾਸ ਕਰਨ ਲਈ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ।