ਸਰਹੱਦ ’ਤੇ ਅੱਜ ਤੋਂ ਬਹਾਲ ਹੋਵੇਗੀ ਝੰਡਾ ਉਤਾਰਨ ਦੀ ਰਸਮ

ਅੰਮ੍ਰਿਤਸਰ : ਭਾਰਤ ਪਾਕਿਸਤਾਨ ਵਿਚਾਲੇ ਜੰਗਬੰਦੀ ਤੋਂ ਬਾਅਦ ਠੀਕ ਹੋ ਰਹੇ ਹਾਲਾਤ ਦੌਰਾਨ ਸਰਹੱਦ ’ਤੇ ਹੁੰਦੀ ਝੰਡਾ ਉਤਾਰਨ ਦੀ ਰਸਮ ਨੂੰ ਵੀ ਬਹਾਲ ਕੀਤਾ ਜਾ ਰਿਹਾ ਹੈ, ਜਿਸ ਦੀ ਸ਼ੁਰੂਆਤ ਭਲਕੇ 20 ਮਈ ਤੋਂ ਹੋਵੇਗੀ ਅਤੇ 21 ਮਈ ਤੋਂ ਆਮ ਲੋਕਾਂ ਨੂੰ ਵੀ ਇਸ ਨੂੰ ਦੇਖਣ ਜਾਣ ਵਾਸਤੇ ਆਗਿਆ ਦਿੱਤੇ ਜਾਣ ਦੀ ਸੰਭਾਵਨਾ ਹੈ। ਇਸ ਦੀ ਪੁਸ਼ਟੀ ਬੀਐੱਸਐੱਫ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਤੋਂ ਪਹਿਲਾਂ ਇਹ ਰੀਟ੍ਰੀਟ ਰਸਮ ਪੰਜਾਬ ਦੀ ਸਰਹੱਦ ’ਤੇ ਅਟਾਰੀ, ਹੁਸੈਨੀ ਵਾਲਾ ਅਤੇ ਸਾਦਕੀ ਵਿਖੇ ਬੰਦ ਕਰ ਦਿੱਤੀ ਗਈ ਸੀ ਜਿਸ ਤਹਿਤ ਪਰੇਡ ਵੀ ਬੰਦ ਕਰ ਦਿੱਤੀ ਗਈ ਸੀ ਅਤੇ ਤਿਰੰਗੇ ਝੰਡੇ ਨੂੰ ਸਿਰਫ ਸਾਦੇ ਢੰਗ ਨਾਲ ਅਤੇ ਸਨਮਾਨ ਨਾਲ ਉਤਾਰਿਆ ਜਾਂਦਾ ਸੀ।

ਇਸ ਤੋਂ ਪਹਿਲਾਂ ਪਹਿਲਗਾਮ ਵਿੱਚ ਵਾਪਰੇ ਅਤਿਵਾਦੀ ਹਮਲੇ ਤੋਂ ਬਾਅਦ ਰੀਟ੍ਰੀਟ ਰਸਮ ’ਤੇ ਵੀ ਪ੍ਰਭਾਵ ਪਿਆ ਸੀ। ਸਰਕਾਰ ਵੱਲੋਂ ਰੋਸ ਵਜੋਂ ਝੰਡਾ ਉਤਾਰਨ ਦੀ ਰਸਮ ਸਮੇਂ ਸਰਹੱਦ ਤੇ ਗੇਟ ਬੰਦ ਰੱਖਣ ਅਤੇ ਪਰੇਡ ਕਮਾਂਡਰਾਂ ਦੇ ਆਪਸ ਵਿੱਚ ਹੱਥ ਮਿਲਾਉਣ ਤੋਂ ਰੋਕ ਲਾ ਦਿੱਤੀ ਸੀ। ਸਰਹੱਦ ਤੇ ਵੱਧਦੇ ਤਣਾਅ ਦੌਰਾਨ ਝੰਡਾ ਉਤਾਰਨ ਦੀ ਰਸਮ ਦੇਖਣ ਵਾਸਤੇ ਆਉਂਦੇ ਸੈਲਾਨੀਆਂ ਦੀ ਗਿਣਤੀ ਵੀ ਕਾਫੀ ਘੱਟ ਗਈ ਸੀ।

ਉਪਰੰਤ ਜਦੋਂ ਜੰਗ ਸ਼ੁਰੂ ਹੋਈ ਤਾਂ ਇਹ ਸੈਲਾਨੀਆਂ ਵਾਸਤੇ ਮੁਕੰਮਲ ਤੌਰ ਤੇ ਬੰਦ ਕਰ ਦਿੱਤੀ ਗਈ ਸੀ।

ਬੀਐਸਐਫ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਭਲਕੇ 20 ਮਈ ਤੋਂ ਰੀਟ੍ਰੀਟ ਰਸਮ ਨੂੰ ਬਹਾਲ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਸੈਲਾਨੀਆਂ ਨੂੰ ਵੀ ਸ਼ਾਮਿਲ ਹੋਣ ਦੀ ਆਗਿਆ ਦਿੱਤੀ ਜਾਵੇਗੀ।

Share: