ਨਵੀਂ ਦਿੱਲੀ : ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਮੁੰਬਈ ਹਵਾਈ ਅੱਡੇ ਤੋਂ ਦੋ ਭਗੌੜਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਥਿਤ ਤੌਰ ’ਤੇ ਅਤਿਵਾਦੀ ਸੰਗਠਨ ਆਈਐਸਆਈਐਸ ISIS ਦੇ ਸਲੀਪਰ ਸੈੱਲ ਦਾ ਹਿੱਸਾ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਦੋਵੇਂ ਪੁਣੇ, ਮਹਾਰਾਸ਼ਟਰ ਵਿਚ ਆਈਈਡੀ ਦੇ ਨਿਰਮਾਣ ਅਤੇ ਟੈਸਟਿੰਗ ਨਾਲ ਸਬੰਧਤ 2023 ਦੇ ਇਕ ਮਾਮਲੇ ਵਿੱਚ ਲੋੜੀਂਦੇ ਸਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ, ਜਿਨ੍ਹਾਂ ਦੀ ਪਛਾਣ ਅਬਦੁੱਲਾ ਫੈਯਾਜ਼ ਸ਼ੇਖ ਉਰਫ਼ ਡਾਇਪਰਵਾਲਾ ਅਤੇ ਤਲਹਾ ਖਾਨ ਵਜੋਂ ਹੋਈ ਹੈ, ਨੂੰ ਕੱਲ੍ਹ ਰਾਤ ਮੁੰਬਈ ਕੋਮਾਂਤਰੀ ਹਵਾਈ ਅੱਡੇ ਦੇ ਟਰਮੀਨਲ 2 ’ਤੇ ਬਿਊਰੋ ਆਫ਼ ਇਮੀਗ੍ਰੇਸ਼ਨ ਨੇ ਰੋਕਿਆ ਜਦੋਂ ਉਹ ਇੰਡੋਨੇਸ਼ੀਆ ਦੇ ਜਕਾਰਤਾ ਤੋਂ ਭਾਰਤ ਵਿਚ ਆਉਣ ਦੀ ਕੋਸ਼ਿਸ਼ ਕਰ ਰਹੇ ਸਨ। ਜਾਂਚ ਏਜੰਸੀ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਐੱਨਆਈਏ ਟੀਮ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਲ ਲਿਆ ਹੈ।
ਦੋ ਸਾਲਾਂ ਤੋਂ ਵੱਧ ਸਮੇਂ ਤੋਂ ਭਗੌੜੇ ਸਨ ਮੁਲਜ਼ਮ
ਜਾਂਚ ਏਜੰਸੀ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਭਗੌੜੇ ਸਨ ਅਤੇ ਐੱਨਆਈਏ ਦੀ ਵਿਸ਼ੇਸ਼ ਅਦਾਲਤ ਮੁੰਬਈ ਵੱਲੋਂ ਉਨ੍ਹਾਂ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਗਏ ਸਨ। ਐੱਨਆਈਏ ਨੇ ਦੋਵਾਂ ਮੁਲਜ਼ਮਾਂ ਬਾਰੇ ਜਾਣਕਾਰੀ ਦੇਣ ਲਈ 3 ਲੱਖ ਰੁਪਏ ਦਾ ਨਕਦ ਇਨਾਮ ਵੀ ਐਲਾਨਿਆ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਮਾਮਲਾ ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਸੀਰੀਆ (ਆਈਐਸਆਈਐਸ) ਪੁਣੇ ਦੇ ਅੱਠ ਹੋਰ ਸਲੀਪਰ ਸੈੱਲ ਮੈਂਬਰ ਜੋ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਗਏ ਹਨ, ਨਾਲ ਸਬੰਧਤ ਹੈ। ਬਿਆਨ ਅਨੁਸਾਰ ਇਨ੍ਹਾਂ ਨੇ ਹਿੰਸਾ ਅਤੇ ਦਹਿਸ਼ਤ ਰਾਹੀਂ ਦੇਸ਼ ਵਿਚ ਇਸਲਾਮੀ ਸ਼ਾਸਨ ਸਥਾਪਤ ਕਰਨ ਦੇ ਆਈਐਸਆਈਐਸ ISIS ਦੇ ਏਜੰਡੇ ਨੂੰ ਅੱਗੇ ਵਧਾਉਂਦਿਆਂ ਭਾਰਤ ਸਰਕਾਰ ਵਿਰੁੱਧ ਜੰਗ ਛੇੜ ਕੇ ਭਾਰਤ ਦੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੇ ਉਦੇਸ਼ ਨਾਲ ਅਤਿਵਾਦੀ ਕਾਰਵਾਈਆਂ ਕਰਨ ਦੀ ਸਾਜ਼ਿਸ਼ ਰਚੀ ਸੀ।