ਨਵੀਂ ਦਿੱਲੀ : ਕਾਂਗਰਸ ਨੇ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਦੀ ਬਰਸੀ ਮੌਕੇ ਅੱਜ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ 2014 ਮਗਰੋਂ ਉਨ੍ਹਾਂ ਨੂੰ ਬਦਨਾਮ ਕਰਨ, ਨਕਾਰਨ, ਨੀਵਾਂ ਦਿਖਾਉਣ, ਛੋਟਾ ਕਰਨ ਤੇ ਮਿਟਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ ਪਰ ਉਨ੍ਹਾਂ ਤੇ ਉਨ੍ਹਾਂ ਦੀ ਵਿਰਾਸਤ ਨੂੰ ਜਿੰਨਾ ਮਿਟਾਉਣ ਦੀ ਕੋਸ਼ਿਸ਼ ਹੋਈ ਹੈ, ਉਹ ਓਨੀ ਹੀ ਦ੍ਰਿੜ੍ਹਤਾ ਨਾਲ ਸਾਹਮਣੇ ਆਏ ਹਨ। ਕਾਂਗਰਸ ਨੇ ਅੱਜ ਪੰਡਿਤ ਜਵਾਹਰਲਾਲ ਨਹਿਰੂ ਨੂੰ ਸ਼ਰਧਾਂਜਲੀ ਭੇਟ ਕੀਤੀ।
ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਨਹਿਰੂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਨਹਿਰੂ ਨੇ ਆਪਣੇ ਦੂਰਦਰਸ਼ੀ ਨਜ਼ਰੀਏ ਨਾਲ ਆਜ਼ਾਦ ਭਾਰਤ ਦੀ ਮਜ਼ਬੂਤ ਨੀਂਹ ਰੱਖੀ ਸੀ। ਗਾਂਧੀ ਨੇ ਕਿਹਾ ਕਿ ਨਹਿਰੂ ਨੇ ਸਮਾਜਿਕ ਨਿਆਂ, ਆਧੁਨਿਕਤਾ, ਸਿੱਖਿਆ, ਸੰਵਿਧਾਨ ਤੇ ਜਮਹੂਰੀਅਤ ਦੀ ਸਥਾਪਨਾ ’ਚ ਵੱਡਾ ਯੋਗਦਾਨ ਪਾਇਆ। ਕਾਂਗਰਸ ਦੀ ਸੰਸਦੀ ਪਾਰਟੀ ਦੀ ਮੁਖੀ ਸੋਨੀਆ ਗਾਂਧੀ ਨੇ ਇੱਥੇ ਸ਼ਾਂਤੀ ਵਣ ਸਥਿਤ ਨਹਿਰੂ ਦੀ ਯਾਦਗਾਰ ’ਤੇ ਸ਼ਰਧਾਂਜਲੀ ਭੇਟ ਕੀਤੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਨਹਿਰੂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ, ‘ਭਾਰਤ ਨੂੰ ਸਿਫਰ ਤੋਂ ਸਿਖਰ ਵੱਲ ਲਿਜਾਣ ਵਾਲੇ, ਆਧੁਨਿਕ ਭਾਰਤ ਦੇ ਨਿਰਮਾਤਾ, ਲੋਕਤੰਤਰ ਦੇ ਨਿਡਰ ਪਹਿਰੇਦਾਰ, ਭਾਰਤ ਨੂੰ ਵਿਗਿਆਨਕ, ਆਰਥਿਕ, ਸਨਅਤੀ ਤੇ ਹੋਰ ਖੇਤਰਾਂ ’ਚ ਵਿਕਸਿਤ ਕਰਨ ਵਾਲੇ, ਦੇਸ਼ ਨੂੰ ਲਗਾਤਾਰ ‘ਅਨੇਕਤਾ ’ਚ ਏਕਤਾ’ ਦਾ ਸੁਨੇਹਾ ਦੇਣ ਵਾਲੇ, ਸਾਡੇ ਪ੍ਰੇਰਨਾ ਸਰੋਤ ਪੰਡਿਤ ਜਵਾਹਰਲਾਲ ਨਹਿਰੂ ਨੂੰ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂਜਲੀ।’ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਨਹਿਰੂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਨੂੰ ਆਧੁਨਿਕ ਭਾਰਤ ਦਾ ਨਿਰਮਾਤਾ ਦੱਸਿਆ।