ਸ੍ਰੀਨਗਰ : ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਉਹ ਯਕੀਨੀ ਬਣਾਉਣ ਕਿ ਜੰਮੂ ਕਸ਼ਮੀਰ ’ਚ ਅਤਿਵਾਦੀ ਤੰਤਰ ਖ਼ਿਲਾਫ਼ ਸਰਕਾਰ ਦੀ ਕਾਰਵਾਈ ਦੌਰਾਨ ਬੇਕਸੂਰ ਲੋਕਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ।
ਮੁਫ਼ਤੀ ਨੇ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ’ਚ ਸਥਾਨਕ ਲੋਕਾਂ ਤੇ ਸੈਲਾਨੀਆਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਕਸ਼ਮੀਰੀਆਂ ਨੇ ਦਿਖਾ ਦਿੱਤਾ ਹੈ ਕਿ ਉਹ ਖੂਨ-ਖਰਾਬੇ ਦੇ ਪੱਖ ’ਚ ਨਹੀਂ ਹਨ ਅਤੇ ਉਹ ਦੇਸ਼ ਦੇ ਦੁੱਖ ’ਚ ਸ਼ਾਮਲ ਹਨ। ਮੇਰੀ ਗ੍ਰਹਿ ਮੰਤਰੀ ਨੂੰ ਅਪੀਲ ਹੈ ਕਿ ਉਹ ਦਹਿਸ਼ਤੀ ਗਤੀਵਿਧੀਆਂ ਕਰਨ ਵਾਲਿਆਂ ਖ਼ਿਲਾਫ਼ ਇੱਕ ਵਾਰ ਨਹੀਂ ਸਗੋਂ ਹਜ਼ਾਰ ਵਾਰ ਕਾਰਵਾਈ ਕਰਨ।’ ਉਨ੍ਹਾਂ ਕਿਹਾ, ‘ਹਾਲਾਂਕਿ ਉਸ ਕਸ਼ਮੀਰੀ ਨੂੰ ਛੱਡ ਦਿਉ ਜਿਸ ਨੇ (ਪਹਿਲਗਾਮ) ਹਮਲੇ ਮਗਰੋਂ ਆਪਣਾ ਖੂਨ ਦਿੱਤਾ ਅਤੇ ਇੱਕ ਸੈਲਾਨੀ ਨੂੰ ਆਪਣੇ ਮੋਢੇ ’ਤੇ ਚੁੱਕ ਕੇ ਹਸਪਤਾਲ ਪਹੁੰਚਾਇਆ।’ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸਥਾਨਕ ਲੋਕਾਂ ਅਨੁਸਾਰ 22 ਅਪਰੈਲ ਦੇ ਹਮਲੇ ਤੋਂ ਪਹਿਲਾਂ ਬੈਸਰਨ ’ਚ ਆਪਣਾ ਰੁਜ਼ਗਾਰ ਚਲਾਉਣ ਵਾਲੇ ਲੋਕਾਂ ਨੂੰ ਪੁੱਛ ਪੜਤਾਲ ਲਈ ਹਿਰਾਸਤ ’ਚ ਲਿਆ ਜਾ ਰਿਹਾ ਹੈ। ਮੁਫ਼ਤੀ ਨੇ ਕਿਹਾ ਕਿ ਕਸ਼ਮੀਰੀ ਲੋਕ ਜਾਂਚ ਅਧਿਕਾਰੀਆਂ ਨਾਲ ਸਹਿਯੋਗ ਕਰ ਰਹੇ ਹਨ ਪਰ ਅਤਿਵਾਦੀਆਂ ਦੇ ਦੋ ਕਥਿਤ ਮਦਦਗਾਰਾਂ ਦੀ ਹਿਰਾਸਤ ’ਚ ਮੌਤ ਮਗਰੋਂ ਉਨ੍ਹਾਂ ਜਾਂਚ ਦੇ ਤਰੀਕੇ ’ਤੇ ਸਵਾਲ ਚੁੱਕੇ। ਮੁਫ਼ਤੀ ਨੇ ਬਾਂਦੀਪੁਰਾ ’ਚ ਅਲਤਾਫ ਲਾਲੀ ਤੇ ਕੁਲਗਾਮ ’ਚ ਇਮਤਿਆਜ਼ ਅਹਿਮਦ ਮਾਗਰੇ ਦੀ ਮੌਤ ਦਾ ਜ਼ਿਕਰ ਕੀਤਾ। ਉਨ੍ਹਾਂ ਹਮਲੇ ਤੋਂ ਬਾਅਦ ਕੁਝ ਸੈਰ-ਸਪਾਟੇ ਵਾਲੀਆਂ ਥਾਵਾਂ ਬੰਦ ਰੱਖਣ ਦੇ ਅਧਿਕਾਰੀਆਂ ਦੇ ਫ਼ੈਸਲੇ ਦੀ ਆਲੋਚਨਾ ਵੀ ਕੀਤੀ।