ਕਾਠਮੰਡੂ : ਇਕ ਮੀਡੀਆ ਰਿਪੋਰਟ ਦੇ ਅਨੁਸਾਰ ਹਿਮਾਲਿਆ ਵਿਚ ਦੁਨੀਆ ਦੇ ਚੌਥੇ ਸਭ ਤੋਂ ਉੱਚੇ ਪਹਾੜ ਮਾਊਂਟ ਲੋਹੋਤਸੇ ਨੂੰ ਚੜ੍ਹਨ ਤੋਂ ਬਾਅਦ ਇਕ ਭਾਰਤੀ ਪਰਬਤਾਰੋਹੀ ਦੀ ਮੌਤ ਹੋ ਗਈ। ਦ ਹਿਮਾਲੀਅਨ ਟਾਈਮਜ਼ ਅਖਬਾਰ ਨੇ ਰਿਪੋਰਟ ਦਿੱਤੀ ਹੈ ਕਿ ਰਾਜਸਥਾਨ ਦੇ ਰਾਕੇਸ਼ ਬਿਸ਼ਨੋਈ ਨੇ ਸੋਮਵਾਰ ਨੂੰ ਲੋਹੋਤਸੇ ਦੇ ਸਿਖਰ ਬਿੰਦੂ ਤੋਂ ਵਾਪਸ ਆਉਣ ਤੋਂ ਬਾਅਦ ਕੈਂਪ IV ਦੇ ਨੇੜੇ ਯੈਲੋ ਬੈਂਡ ’ਤੇ ਆਖਰੀ ਸਾਹ ਲਿਆ। ਅਖਬਾਰ ਨੇ ਨੇਪਾਲੀ ਪਰਬਤਾਰੋਹੀ ਗਾਈਡਾਂ ਦੇ ਹਵਾਲੇ ਨਾਲ ਕਿਹਾ ਕਿ ਬਿਸ਼ਨੋਈ ਨੇ ਐਤਵਾਰ ਨੂੰ ਆਪਣੀ ਮਾਊਂਟ ਐਵਰੈਸਟ ਦੀ ਕੋਸ਼ਿਸ਼ ਛੱਡਣ ਬਾਅਦ ਮਾਊਂਟ ਲੋਹੋਤਸੇ ’ਤੇ ਚੜ੍ਹਾਈ ਕੀਤੀ। ਉਨ੍ਹਾਂ ਨੇ ਕਿਹਾ ਕਿ ਚੋਟੀ ਤੋਂ ਉਤਰਨ ਦੌਰਾਨ ਯੈਲੋ ਬੈਂਡ ਦੇ ਨੇੜੇ ਉਸਦੀ ਮੌਤ ਹੋ ਗਈ।
ਰਿਪੋਟ ਅਨੁਸਾਰ ਉਸ ਦੀ ਲਾਸ਼ ਨੂੰ ਬਰਾਮਦ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸਮੁੰਦਰ ਤਲ ਤੋਂ 8,516 ਮੀਟਰ ਦੀ ਉਚਾਈ ’ਤੇ ਲੋਹੋਤਸੇ ਮਾਊਂਟ ਐਵਰੈਸਟ ਕੇ2 ਅਤੇ ਕੰਗਚੇਨਜੰਗਾ ਤੋਂ ਬਾਅਦ ਧਰਤੀ ਦੀ ਚੌਥੀ ਸਭ ਤੋਂ ਉੱਚੀ ਚੋਟੀ ਹੈ।