ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿਚ ਭਾਰਤ-ਪਾਕਿ ਹਾਲਾਤ ਬਾਰੇ ਅੱਜ ਹੋਵੇਗੀ ਬੰਦ ਕਮਰਾ ਵਿਚਾਰ ਚਰਚਾ

ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿਚ ਭਾਰਤ-ਪਾਕਿ ਹਾਲਾਤ ਬਾਰੇ ਅੱਜ ਹੋਵੇਗੀ ਬੰਦ ਕਮਰਾ ਵਿਚਾਰ ਚਰਚਾ

ਸੰਯੁਕਤ ਰਾਸ਼ਟਰ : ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ (UNSC) (ਪਹਿਲਗਾਮ ਦਹਿਸ਼ਤੀ ਹਮਲੇ ਮਗਰੋਂ) ਭਾਰਤ ਤੇ ਪਾਕਿਸਤਾਨ ਦਰਮਿਆਨ ਬਣੇ ਹਾਲਾਤ ਨੂੰ ਲੈ ਕੇ ਸੋਮਵਾਰ ਨੂੰ ਬੰਦ ਕਮਰਾ ਮੀਟਿੰਗ ਕਰੇਗੀ। ਕਾਬਿਲੇਗੌਰ ਹੈ ਕਿ ਇਸਲਾਮਾਬਾਦ ਨੇ ਇਸ ਮੁੱਦੇ ’ਤੇ ਹੰਗਾਮੀ ਮੀਟਿੰਗ ਸੱਦਣ ਦੀ ਮੰਗ ਕੀਤੀ ਸੀ। ਪਾਕਿਸਤਾਨ 15 ਮੈਂਬਰ ਮੁਲਕਾਂ ਵਾਲੀ ਸਲਾਮਤੀ ਕੌਂਸਲ ਦਾ ਅਸਥਾਈ ਮੈਂਬਰ ਹੈ ਤੇ ਮਈ ਮਹੀਨੇ ਲਈ ਕੌਂਸਲ ਦੀ ਪ੍ਰਧਾਨਗੀ ਯੂਨਾਨ ਕਰ ਰਿਹਾ ਹੈ।

ਇਸਲਾਮਾਬਾਦ ਨੇ ਦੋਵਾਂ ਮੁਲਕਾਂ ਦਰਮਿਆਨ ਬਣੇ ਤਣਾਅ ਦੇ ਹਵਾਲੇ ਨਾਲ ‘ਬੰਦ ਕਮਰਾ ਸਲਾਹ-ਮਸ਼ਵਰੇ ਦੀ ਬੇਨਤੀ’ ਕੀਤੀ ਸੀ ਤੇ ਯੂਨਾਨੀ ਰਾਸ਼ਟਰਪਤੀ ਨੇ 5 ਮਈ ਦੁਪਹਿਰ ਨੂੰ ਮੀਟਿੰਗ ਤੈਅ ਕੀਤੀ ਹੈ। ਪੰਜ ਵੀਟੋ-ਸ਼ਕਤੀਸ਼ਾਲੀ ਸਥਾਈ ਮੈਂਬਰਾਂ- ਚੀਨ, ਫਰਾਂਸ, ਰੂਸ, ਯੂਕੇ ਅਤੇ ਅਮਰੀਕਾ- ਤੋਂ ਇਲਾਵਾ, ਕੌਂਸਲ ਦੇ 10 ਅਸਥਾਈ ਮੈਂਬਰ ਅਲਜੀਰੀਆ, ਡੈਨਮਾਰਕ, ਗ੍ਰੀਸ, ਗੁਆਨਾ, ਪਾਕਿਸਤਾਨ, ਪਨਾਮਾ, ਦੱਖਣੀ ਕੋਰੀਆ, ਸੀਏਰਾ ਲਿਓਨ, ਸਲੋਵੇਨੀਆ ਅਤੇ ਸੋਮਾਲੀਆ ਹਨ। ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਪ੍ਰਮਾਣੂ ਹਥਿਆਰਾਂ ਨਾਲ ਲੈਸ ਦੱਖਣ ਏਸ਼ਿਆਈ ਗੁਆਂਢੀਆਂ ਵਿਚਕਾਰ ਵਧਦੇ ਤਣਾਅ ਦਰਮਿਆਨ ਸੰਯੁਕਤ ਰਾਸ਼ਟਰ ਵਿੱਚ ਯੂਨਾਨ ਦੇ ਸਥਾਈ ਪ੍ਰਤੀਨਿਧ ਅਤੇ ਮਈ ਮਹੀਨੇ ਲਈ ਸੁਰੱਖਿਆ ਪ੍ਰੀਸ਼ਦ ਦੇ ਪ੍ਰਧਾਨ, ਰਾਜਦੂਤ ਇਵਾਂਜੇਲੋਸ ਸੇਕੇਰਿਸ (Evangelos Sekeris) ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਜੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਬਣੇ ਹਾਲਾਤ ’ਤੇ ਚਰਚਾ ਲਈ ਮੀਟਿੰਗ ਸੱਦਣ ਦੀ ਬੇਨਤੀ ਆਉਂਦੀ ਹੈ, ਤਾਂ ‘ਫਿਰ… ਮੈਨੂੰ ਲੱਗਦਾ ਹੈ ਕਿ ਇਹ ਮੀਟਿੰਗ ਹੋਣੀ ਚਾਹੀਦੀ ਹੈ ਕਿਉਂਕਿ, ਜਿਵੇਂ ਕਿ ਅਸੀਂ ਕਿਹਾ ਸੀ, ਸ਼ਾਇਦ ਇਹ ਵਿਚਾਰ ਪ੍ਰਗਟ ਕਰਨ ਦਾ ਮੌਕਾ ਵੀ ਹੈ ਅਤੇ ਇਹ ਤਣਾਅ ਨੂੰ ਥੋੜ੍ਹਾ ਘਟਾਉਣ ਵਿੱਚ ਮਦਦ ਕਰ ਸਕਦਾ ਹੈ।’’

ਸੇਕੇਰਿਸ ਨੇ ਕਿਹਾ, ‘‘ਅਸੀਂ ਇਕ ਦੂਜੇ ਦੇ ਸੰਪਰਕ ਵਿੱਚ ਹਾਂ…ਪਰ ਇਹ ਕੁਝ ਅਜਿਹਾ ਹੈ ਜੋ ਹੋ ਸਕਦਾ ਹੈ, ਮੈਂ ਕਹਾਂਗਾ, ਜਲਦੀ ਜਾਂ ਬਾਅਦ ਵਿੱਚ। ਅਸੀਂ ਦੇਖਾਂਗੇ, ਅਸੀਂ ਤਿਆਰੀ ਕਰ ਰਹੇ ਹਾਂ।’’ ਭਾਰਤ ਦੇ ਸਰਹੱਦ ਪਾਰੋਂ ਪਾਕਿਸਤਾਨ ਦੀ ਸਰਪ੍ਰਸਤੀ ਵਾਲੇ ਅਤਿਵਾਦ ਦਾ ਸ਼ਿਕਾਰ ਹੋਣ ਬਾਰੇ ਖ਼ਬਰ ਏਜੰਸੀ ‘ਪੀਟੀਆਈ’ ਦੇ ਇੱਕ ਸਵਾਲ ਦੇ ਜਵਾਬ ਵਿੱਚ ਸੇਕੇਰਿਸ ਨੇ ਕਿਹਾ, ‘‘ਇਹ ਇੱਕ ਅਜਿਹਾ ਮੁੱਦਾ ਹੈ ਜੋ ਬਹੁਤ ਢੁਕਵਾਂ ਹੈ।’’ ਸੇਕੇਰਿਸ ਨੇ ਕਿਹਾ, ‘‘ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ, ਸਿਧਾਂਤਕ ਤੌਰ ’ਤੇ ਅਸੀਂ ਕਿਸੇ ਵੀ ਦਹਿਸ਼ਤੀ ਕਾਰਵਾਈ ਦੀ ਸਖ਼ਤ ਨਿੰਦਾ ਕਰਦੇ ਹਾਂ ਅਤੇ ਇਹੀ ਅਸੀਂ ਪਹਿਲਗਾਮ ਵਿੱਚ ਹੋਏ ‘ਘਿਨਾਉਣੇ ਦਹਿਸ਼ਤੀ ਹਮਲੇ’ ਨੂੰ ਲੈ ਕੇ ਕੀਤਾ ਸੀ ਜਿਸ ਵਿੱਚ ਮਾਸੂਮ ਨਾਗਰਿਕ ਮਾਰੇ ਗਏ ਸਨ।’’

ਸੇਕੇਰਿਸ ਨੇ ਕਿਹਾ, ‘‘ਅਸੀਂ ਭਾਰਤ, ਨੇਪਾਲ ਸਰਕਾਰ ਅਤੇ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦੇ ਹਾਂ। ਇਹ ਸਿਧਾਂਤਕ ਰੁਖ਼ ਹੈ। ਅਸੀਂ ਅਤਿਵਾਦ ਦੀ ਹਰ ਰੂਪ ਵਿੱਚ ਨਿੰਦਾ ਕਰਦੇ ਹਾਂ, ਹਰ ਥਾਂ ’ਤੇ ਇਹ ਹੋ ਰਿਹਾ ਹੈ। ਦੂਜੇ ਪਾਸੇ, ਅਸੀਂ ਖਿੱਤੇ ਵਿਚ ਵੱਧ ਰਹੇ ਤਣਾਅ ਬਾਰੇ ਚਿੰਤਤ ਹਾਂ। ਦੋ ਬਹੁਤ ਵੱਡੇ ਦੇਸ਼। ਬੇਸ਼ੱਕ, ਭਾਰਤ ਪਾਕਿਸਤਾਨ ਨਾਲੋਂ ਕਿਤੇ ਵੱਡਾ ਹੈ।’’

Share: