ਨਵੀਂ ਦਿੱਲੀ : ਪਹਿਲਗਾਮ ਦਹਿਸ਼ਤੀ ਹਮਲੇ ਦੇ ਹਵਾਲੇ ਨਾਲ ਭਾਰਤ ਅਤੇ ਪਾਕਿਸਤਾਨ ਉੱਤੇ ਭਾਵੇਂ ਜੰਗ ਦੇ ਬੱਦਲ ਛਾਏ ਹੋਏ ਹਨ, ਪਰ ਇਹ ਉਸ ਘਟਨਾ ਦੀ (26ਵੀਂ) ਬਰਸੀ ਹੈ ਕਿ ਕਿਵੇਂ 1999 ਵਿਚ ਦੋ ਪ੍ਰਮਾਣੂ ਹਥਿਆਰਾਂ ਨਾਲ ਲੈਸ ਗੁਆਂਢੀਆਂ ਦਰਮਿਆਨ ਇਕ ਹੋਰ ਟਕਰਾਅ ਹੋਇਆ ਸੀ। ਤਾਸ਼ੀ ਨਾਮਗਿਆਲ ਨਾਂ ਦਾ ਇਕ ਮੁਕਾਮੀ ਚਰਵਾਹਾ 3 ਮਈ, 1999 ਨੂੰ ਆਪਣੇ ਲਾਪਤਾ ਯਾਕ ਦੀ ਭਾਲ ਕਰ ਰਿਹਾ ਸੀ, ਜਦੋਂ ਉਸ ਨੇ ਕੰਟਰੋਲ ਰੇਖਾ (LoC) ਦੇ ਨਾਲ ਭਾਰਤ ਵਾਲੇ ਪਾਸੇ ਲੱਦਾਖ ਵਿੱਚ ਬਟਾਲਿਕ (Batalik) ਦੀਆਂ ਪਹਾੜੀਆਂ ਉੱਤੇ ਪਾਕਿਸਤਾਨੀ ਫੌਜ ਨੂੰ ਦੇਖਿਆ। ਨਾਮਗਿਆਲ, ਜਿਸ ਦੀ ਪਿਛਲੇ ਸਾਲ ਦਸੰਬਰ ਵਿੱਚ ਮੌਤ ਹੋ ਗਈ ਸੀ, ਨੇ ਪਾਕਿ ਫੌਜ ਦੀ ਇਸ ਨਕਲੋਹਰਕਤ ਬਾਰੇ ਭਾਰਤੀ ਫੌਜ ਨੂੰ ਜਾਣਕਾਰੀ ਦਿੱਤੀ। ਇਸ ਮਗਰੋਂ ਭਾਰਤੀ ਫੌਜ ਨੇ ‘ਆਪ੍ਰੇਸ਼ਨ ਵਿਜੈ’ ਸ਼ੁਰੂ ਕੀਤਾ। ਕਾਰਗਿਲ ਸੰਘਰਸ਼ ਮਈ ਤੋਂ ਜੁਲਾਈ 1999 ਤੱਕ ਚੱਲਿਆ।
ਫਰਵਰੀ 1999 ਵਿੱਚ ਭਾਰਤੀ ਨਿਗਰਾਨੀ ਏਜੰਸੀਆਂ ਵੱਲੋਂ ਕੀਤੀ ਗਈ ਹਵਾਈ ਸਰਵੇਲੈਂਸ- ਠੀਕ ਉਸੇ ਵੇਲੇ ਜਦੋਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਲਾਹੌਰ ਦੀ ਮਸ਼ਹੂਰ ਬੱਸ ਯਾਤਰਾ ਕਰ ਰਹੇ ਸਨ – ਨੇ ਪਾਕਿ ਫੌਜ ਦੀਆਂ ਸਰਗਰਮੀਆਂ ਨੂੰ ਫਿਲਮਾਇਆ ਸੀ। ਭਾਰਤ ਨੂੰ ਦਰਪੇਸ਼ ਅਸਲ ਖ਼ਤਰੇ ਬਾਰੇ 3 ਮਈ, 1999 ਤੋਂ ਬਾਅਦ ਹੀ ਪਤਾ ਲੱਗਾ।
ਪਾਕਿਸਤਾਨੀ ਫੌਜਾਂ ਨੇ ਮੁਸ਼ਕੋਹ-ਦਰਾਸ-ਕਾਰਗਿਲ-ਬਟਾਲਿਕ-ਤੁਰਤੁਕ ਧੁਰੇ ਦੇ 168 ਕਿਲੋਮੀਟਰ ਦੇ ਘੇਰੇ ਵਿਚ ਕਈ ਚੋਟੀਆਂ ’ਤੇ ਕਬਜ਼ਾ ਕਰ ਲਿਆ ਸੀ। ‘ਅਪਰੇਸ਼ਨ ਵਿਜੈ’ ਦੌਰਾਨ ਭਾਰਤੀ ਥਲ ਸੈਨਾ ਤੇ ਭਾਰਤੀ ਹਵਾਈ ਫੌਜ ਦੇ 527 ਫੌਜੀ ਸ਼ਹੀਦ ਹੋਏ, ਪਰ ਭਾਰਤ ਨੇ ਫੌਜੀ ਅਤੇ ਕੂਟਨੀਤਕ ਤਾਕਤ ਦੇ ਮਿਸ਼ਰਣ ਨਾਲ ਕੰਟਰੋਲ ਰੇਖਾ ਦੀ ਪਵਿੱਤਰਤਾ ਬਹਾਲ ਕੀਤੀ। ਪ੍ਰਧਾਨ ਮੰਤਰੀ ਵਾਜਪਾਈ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤੀ ਫੌਜਾਂ ਨੂੰ ਕੰਟਰੋਲ ਰੇਖਾ ਪਾਰ ਕਰਨ ਤੋਂ ਮਨ੍ਹਾ ਕੀਤਾ।
1971 ਦੀ ਭਾਰਤ-ਪਾਕਿ ਜੰਗ ਅਤੇ ਕਾਰਗਿਲ ਜੰਗ ਦਰਮਿਆਨ 28 ਸਾਲਾਂ ਦਾ ਫ਼ਰਕ ਸੀ, ਤਕਨਾਲੋਜੀ ਨੇ ਤਰੱਕੀ ਕੀਤੀ। 1991-92 ਵਿੱਚ ਸੋਵੀਅਤ ਯੂਨੀਅਨ ਦੇ ਢਹਿ ਜਾਣ ਤੋਂ ਬਾਅਦ ਭੂ-ਰਣਨੀਤਕ ਇਕਸਾਰਤਾ ਫਿਰ ਤੋਂ ਬਦਲ ਗਈ ਸੀ। ਮਈ 1998 ਵਿੱਚ ਆਪੋ-ਆਪਣੇ ਪ੍ਰਮਾਣੂ ਪ੍ਰੀਖਣਾਂ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੋਵੇਂ ਅਮਰੀਕਾ ਵੱਲੋਂ ਲਾਈਆਂ ਪਾਬੰਦੀਆਂ ਦਾ ਸਾਹਮਣਾ ਕਰ ਰਹੇ ਸਨ। ਓਸਾਮਾ ਬਿਨ ਲਾਦੇਨ ਵਰਗੇ ਦਹਿਸ਼ਤਗਰਦ ਅਜੇ ਵੀ ਅਮਰੀਕਾ ਦੀ ਹਿੱਟ ਲਿਸਟ ਵਿੱਚ ਨਹੀਂ ਸਨ। ਸੈਟੇਲਾਈਟ ਇਮੇਜਰੀ ਭਾਰਤ ਦੇ ਫੌਜੀ ਸ਼ਬਦਕੋਸ਼ ਵਿੱਚ ਅਜੇ ਸ਼ੁਰੂਆਤ ਕਰ ਰਹੀ ਸੀ।
ਬਹੁ-ਪੱਖੀ ਯੋਜਨਾ ਅਤੇ ਸਿਆਚਿਨ ਲਈ ਖ਼ਤਰਾ
ਸਰਦੀਆਂ ਦੇ ਮੌਸਮ ਵਿਚ 15,000 ਤੋਂ 19,000 ਫੁੱਟ ਦੀ ਉਚਾਈ ’ਤੇ 140 ਭਾਰਤੀ ਚੌਕੀਆਂ ਖਾਲੀ ਕੀਤੀਆਂ ਜਾਂਦੀਆਂ ਸਨ। ਪਾਕਿਸਤਾਨ ਨੇ ਅਕਤੂਬਰ 1998 ਵਿੱਚ ਇਨ੍ਹਾਂ ਚੌਕੀਆਂ ’ਤੇ ਕਬਜ਼ਾ ਕਰਨ ਲਈ ‘ਆਪ੍ਰੇਸ਼ਨ ਕੋਹ-ਏ-ਪਾਇਮਾ’ ਸ਼ੁਰੂ ਕਰਨ ਵਾਸਤੇ ਸਰਦੀਆਂ ਦੇ ਮੌਸਮ ਨੂੰ ਚੁਣਿਆ।
ਪਾਕਿਸਤਾਨ ਦੇ ਫੌਜ ਮੁਖੀ ਜਨਰਲ ਪਰਵੇਜ਼ ਮੁਸ਼ੱਰਫ਼ ਨੇ ਸਿਆਚਿਨ ਨੂੰ ਜਾਣ ਵਾਲੇ ਦੋ ਸੜਕੀ ਰਸਤਿਆਂ ਅਤੇ ਲੱਦਾਖ ਵਿੱਚ ਇਲਾਕੇ ਨੂੰ ਭਾਰਤ ਦੇ ਬਾਕੀ ਹਿੱਸੇ ਨਾਲੋਂ ਕੱਟਣ ਦੀ ਯੋਜਨਾ ਬਣਾਈ। ਇਸਲਾਮਾਬਾਦ ਦਾ ਮੰਨਣਾ ਸੀ ਕਿ ਕੌਮਾਂਤਰੀ ਦਖ਼ਲ ਜਲਦੀ ਹੀ ਪ੍ਰਮਾਣੂ ਹਥਿਆਰਾਂ ਨਾਲ ਲੈਸ ਦੇਸ਼ਾਂ ਨੂੰ ਅਜਿਹਾ ਬੰਦ ਕਰਨ ਲਈ ਕਹੇਗਾ। ਸਿਆਚਿਨ ਨੂੰ ਜਾਣ ਵਾਲੀ ਇੱਕ ਸੜਕ ਸ੍ਰੀਨਗਰ-ਦਰਾਸ-ਕਾਰਗਿਲ ਵਿੱਚੋਂ ਲੰਘਦੀ ਹੈ। ਦੂਜੀ ਮਨਾਲੀ ਰਾਹੀਂ ਜਾਂਦੀ ਹੈ ਅਤੇ ਖਰਦੁੰਗਲਾ ਦੱਰੇ ਦੇ ਉੱਤਰ ਵੱਲ ਜਾਂਦੀ ਹੈ ਅਤੇ ਤੁਰਤੁਕ ਘਾਟੀ ਖੇਤਰ ਤੱਕ ਪਹੁੰਚਦੀ ਹੈ, ਜੋ ਸਿਆਚਿਨ ਗਲੇਸ਼ੀਅਰ ਪੱਟੀ ਦੇ ਦੱਖਣ-ਪੱਛਮੀ ਕਿਨਾਰੇ ਨਾਲ ਲੱਗਦੀ ਹੈ। ਪਾਕਿਸਤਾਨ ਨੇ ਗਲੇਸ਼ੀਅਰ ਦੇ ਬੇਸ ਤੱਕ ਜਾਣ ਵਾਲੀ ਸੜਕ ਦਾ ਰਾਹ ਰੋਕਣ ਲਈ ਤੁਰਤੁੱਕ ਵਿੱਚ ਇੱਕ ਬੇਸ ਸਥਾਪਤ ਕਰਨ ਦੀ ਯੋਜਨਾ ਬਣਾਈ।
ਪਾਕਿਸਤਾਨ ਦੀ ਖੁਫੀਆ ਏਜੰਸੀ (ISI) ਲਈ ਕੰਮ ਕਰ ਚੁੱਕੇ ਲੈਫਟੀਨੈਂਟ ਜਨਰਲ ਸ਼ਾਹਿਦ ਅਜ਼ੀਜ਼ ਨੇ ‘Putting our children in line of fire’ ਨਾਂ ਦੀ ਕਿਤਾਬ ਲਿਖੀ ਹੈ, ਜਿਸ ਵਿਚ ਉਨ੍ਹਾਂ ਕਿਹਾ, ‘‘ਸਾਡਾ ਇਰਾਦਾ ਸਿਆਚਿਨ ਦੀ ਸਪਲਾਈ ਨੂੰ ਕੱਟਣਾ ਤੇ ਭਾਰਤੀਆਂ ਨੂੰ ਉਥੋਂ ਹਟਣ ਲਈ ਮਜਬੂਰ ਕਰਨਾ ਸੀ।’’
ਪਾਕਿ ਦੀ ਯੋਜਨਾ ਕਿਵੇਂ ਨਾਕਾਮ ਹੋਈ
ਫੌਜੀ ਨੁਕਤੇ ਤੋਂ ਪਾਕਿਸਤਾਨ ਦੀ ਯੋਜਨਾ ਸ਼ੱਕੀ ਸੀ। ਕਰਨਲ ਅਸ਼ਫ਼ਾਕ ਹੁਸੈਨ (ਸੇਵਾਮੁਕਤ), ਜੋ ਪਾਕਿਸਤਾਨੀ ਫੌਜ ਦੇ ਮੀਡੀਆ ਵਿਭਾਗ ਵਿਚ ਹਨ, ਨੇ ਆਪਣੀ ਕਿਤਾਬ ‘Witness to Blunder: Kargil Story Unfolds’ ਵਿਚ ਜਨਰਲ ਮੁਸ਼ੱਰਫ਼ ਨੂੰ ਸਵਾਲ ਕੀਤੇ ਹਨ। ‘ਇਹ ਯੋਜਨਾ ਉਦੋਂ ਤੱਕ ਸਫ਼ਲ ਰਹੀ ਜਦੋਂ ਤੱਕ ਪਾਕਿਸਤਾਨੀ ਫੌਜ ਦੁਸ਼ਮਣ ਦੇ ਆਹਮੋ ਸਾਹਮਣੇ ਨਹੀਂ ਆ ਗਈ। ਸਾਡੇ ਫੌਜੀਆਂ ਨੇ ਉਸ ਵੇਲੇ ਕੰਟਰੋਲ ਰੇਖਾ ਪਾਰ ਕੀਤੀ ਜਦੋਂ ਦੁਸ਼ਮਣ (ਉਨ੍ਹਾਂ ਦੀ ਨਜ਼ਰ ਵਿਚ ਭਾਰਤ) ਮੌਜੂਦ ਨਹੀਂ ਸੀ।’’
ਪਾਕਿਸਤਾਨ ਦੀ ਇਹ ਧਾਰਨਾ ਕਿ ‘ਜੰਮੂ ਕਸ਼ਮੀਰ ਦੇ ਇਲਾਕਿਆਂ ’ਤੇ ਕਬਜ਼ੇ ਲਈ ਕੀਤੇ ਜਾਣ ਵਾਲੇ ਹਮਲੇ ਨੂੰ ਨਵੀਂ ਦਿੱਲੀ ਵੱਲੋਂ ਚੁਣੌਤੀ ਨਹੀਂ ਦਿੱਤੀ ਜਾ ਸਕਦੀ’ ਗ਼ਲਤ ਸਾਬਤ ਹੋਈ। ਭਾਰਤ ਨੇ ਫੌਜ ਨੂੰ ਹੁਕਮ ਦਿੱਤੇ ਕਿ ਉਹ ‘ਘੁਸਪੈਠ ਵਾਲੇ ਇਲਾਕਿਆਂ ਨੂੰ ਖਾਲੀ ਕਰਵਾਏ ਤੇ ਕੰਟਰੋਲ ਰੇਖਾ ਦੀ ਪਵਿੱਤਰਤਾ ਨੂੰ ਬਹਾਲ ਕਰੇ।’’ ਇਸ ਲਈ ਕੋਈ ਸਮਾਂ ਸੀਮਾ ਨਹੀਂ ਦਿੱਤੀ ਗਈ ਸੀ। ਫੌਜੀ ਰਣਨੀਤੀ ਤਿੰਨ ਮੰਤਵਾਂ ਉੱਤੇ ਅਧਾਰਿਤ ਸੀ- ਘੁਸਪੈਠ ਰੋਕਣੀ ਤੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਣਾ, ਘੁਸਪੈਠੀਆਂ ਨੂੰ ਖਦੇੜਨਾ ਤੇ ਕੰਟਰੋਲ ਰੇਖਾ ਦੀ ਬਹਾਲੀ; ਜ਼ਮੀਨ ’ਤੇ ਕਬਜ਼ਾ ਬਣਾਈ ਰੱਖਣਾ।
ਭਾਰਤ ਕੂਟਨੀਤਕ ਤੌਰ ’ਤੇ ਘੁਸਪੈਠ ਨੂੰ ਪਾਕਿਸਤਾਨ ਦੇ ‘ਕਸ਼ਮੀਰ ਮੁੱਦੇ’ ਤੋਂ ਵੱਖ ਕਰਨ ਵਿਚ ਸਫ਼ਲ ਰਿਹਾ। ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ 4 ਜੁਲਾਈ ਨੂੰ ਵਾਸ਼ਿੰਗਟਨ ਡੀਸੀ ਵਿਚ ਮੁਲਾਕਾਤ ਕੀਤੀ। ਬਿਆਨ ਵਿਚ ਭਾਰਤ ਨੂੰ ਨਹੀਂ ਬਲਕਿ ਪਾਕਿਸਤਾਨ ਨੂੰ ਤਾਕੀਦ ਕੀਤੀ ਗਈ ਕਿ ਉਹ ਇਸ ਨੂੰ ਕਸ਼ਮੀਰ ਮਸਲੇ ਨਾਲ ਜੋੜੇ ਬਗੈਰ ਕੰਟਰੋਲ ਰੇਖਾ ਦੀ ਬਹਾਲੀ ਲਈ ਕਦਮ ਚੁੱਕੇ।