ਵੈਨਕੂਵਰ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਚੋਣਾਂ ਜਿੱਤਣ ਤੋਂ ਬਾਅਦ ਪਹਿਲੇ ਪੱਤਰਕਾਰ ਸੰਮੇਲਨ ’ਚ ਬਿਨਾਂ ਕਿਸੇ ਝਿਜਕ ਦੇ ਖੁੱਲ੍ਹ ਕੇ ਗੱਲਾਂ ਕੀਤੀਆਂ ਅਤੇ ਲੰਘੇ ਸਮੇਂ ਚ ਸਰਕਾਰਾਂ ਦੀਆਂ ਗਲਤੀਆਂ ਤੋਂ ਸਬਕ ਲੈਂਦੇ ਹੋਏ ਅਰਥ ਵਿਵਸਥਾ ’ਚ ਵੱਡੇ ਬਦਲਾਅ ਕਰਨ ਤੇ ਜੋਰ ਦਿੰਦਿਆਂ ਇਸਨੂੰ ਸਮੇਂ ਦੀ ਲੋੜ ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪ੍ਰਾਪਤੀਆਂ ਹਾਸਲ ਕਰਨ ਲਈ ਸਖ਼ਤ ਫੈਸਲੇ ਲਵੇਗੀ, ਤਾਂ ਜੋ ਡਗਮਗਾਈ ਹੋਈ ਅਰਥ ਵਿਵਸਥਾ ਨੂੰ ਤੇਜੀ ਨਾਲ ਲੀਹ ’ਤੇ ਚਾੜਿਆ ਜਾ ਸਕੇ। ਕੈਨੇਡਾ ਅਤੇ ਬਰਤਾਨੀਆ ਦੇ ਕੇਂਦਰੀ ਬੈਂਕਾਂ ਦੇ ਗਵਰਨਰ ਰਹਿ ਚੁੱਕੇ ਮਾਰਕ ਕਾਰਨੀ ਨੇ ਵਿਸ਼ਵਾਸ਼ ਪ੍ਰਗਟਾਇਆ ਕਿ ਬੇਸ਼ੱਕ ਆਰਥਿਕ ਨੀਤੀਆਂ ਦੇ ਬਦਲਾਅ ਸੁਖਾਲੇ ਨਹੀਂ, ਪਰ ਕੈਨੇਡਾ ਲਈ ਇਹ ਸਮੇਂ ਦੀ ਲੋੜ ਹੈ ਤੇ ਉਨ੍ਹਾਂ ਦੀ ਸਰਕਾਰ ਇਸਦੀ ਪੂਰਤੀ ਲਈ ਕੁੱਝ ਵੀ ਕਰੇਗੀ। ਘੱਟਗਿਣਤੀ ਸਰਕਾਰ ਦੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਸਪਸ਼ਟ ਕੀਤਾ ਕਿ ਐੱਨਡੀਪੀ ਨਾਲ ਸਰਕਾਰੀ ਭਾਈਵਾਲੀ ਪਾਉਣ ਤੋਂ ਗੁਰੇਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੇਸ਼ੱਕ ਸਰਕਾਰ ਸੰਸਦ ’ਚ ਬਹੁਗਿਣਤੀ ਹਾਸਲ ਨਹੀਂ ਕਰ ਸਕੀ, ਪਰ ਪਾਰਟੀ ਨੇ ਬਹੁਗਿਣਤੀ ਵੋਟਾਂ ਲੈਕੇ ਸਰਕਾਰ ਬਣਾਈ ਹੈ। ਕਾਰਨੇ ਨੇ ਦੱਸਿਆ ਕਿ ਉਹ 5 ਮਈ ਨੂੰ ਵਸ਼ਿੰਗਟਨ ਜਾਣਗੇ, ਜਿੱਥੇ 6 ਮਈ ਨੂੰ ਅਮਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਗੱਲਬਾਤ ਕਰਕੇ ਟੈਰਿਫ ਅੜਿੱਕਿਆਂ ਕਾਰਣ ਦੁਵੱਲੇ ਵਪਾਰ ਉੱਤੇ ਪੈਣ ਵਾਲੇ ਦੁਰਪ੍ਰਭਾਵ ਨੂੰ ਖਤਮ ਕਰਨ ਦਾ ਯਤਨ ਕਰਨਗੇ।
Posted inNews
ਕੈਨੇਡਾ ਦੀ ਅਰਥ ਵਿਵਸਥਾ ਵੱਡੇ ਬਦਲਾਵਾਂ ਚੋਂ ਲੰਘੇਗੀ: ਮਾਰਕ ਕਾਰਨੇ
