ਮਾਨਸਾ ਦੇ ਨੌਜਵਾਨ ਦਾ ਕੈਨੇਡਾ ਦੇ ਸਰੀ ’ਚ ਗੋਲੀਆਂ ਮਾਰ ਕੇ ਕਤਲ

ਮਾਨਸਾ ਦੇ ਨੌਜਵਾਨ ਦਾ ਕੈਨੇਡਾ ਦੇ ਸਰੀ ’ਚ ਗੋਲੀਆਂ ਮਾਰ ਕੇ ਕਤਲ

ਮਾਨਸਾ : ਕਰੀਬ ਸਾਢੇ ਸੱਤ ਸਾਲ ਪਹਿਲਾਂ ਰੁਜ਼ਗਾਰ ਲਈ ਕੈਨੇਡਾ ਗਏ ਮਾਨਸਾ ਦੇ ਗੱਭਰੂ ਲਵਦੀਪ ਸਿੰਘ (27) ਦਾ ਕੈਨੇਡਾ ਦੇ ਸਰੀ ਵਿੱਚ ਕੁਝ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਇਹ ਘਟਨਾ 29 ਅਪਰੈਲ ਦੀ ਹੈ, ਪਰ ਮਾਨਸਾ ਬੈਠੇ ਉਸ ਦੇ ਪਰਿਵਾਰ ਨੂੰ ਇਸ ਦਾ ਪਤਾ 2 ਮਈ ਨੂੰ ਲੱਗਿਆ। ਪਰਿਵਾਰ ਮੁਤਾਬਕ ਨੌਜਵਾਨ ਦੀ ਨਾ ਕਿਸੇ ਨਾਲ ਕੋਈ ਰੰਜਿਸ਼ ਸੀ ਤੇ ਨਾ ਕੋਈ ਝਗੜਾ। ਉਸ ਦਾ ਕਤਲ ਕਿਉਂ ਕੀਤਾ ਗਿਆ, ਇਹ ਅਜੇ ਤੱਕ ਬੁਝਾਰਤ ਬਣਿਆ ਹੋਇਆ ਹੈ। ਲਵਦੀਪ ਸਿੰਘ ਐਂਪਲਾਈਜ਼ ਫੈਡਰੇਸ਼ਨ ਬਿਜਲੀ ਬੋਰਡ (ਪਹਿਲਵਾਨ ਗਰੁੱਪ) ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਮੰਢਾਲੀ ਦਾ ਲੜਕਾ ਸੀ, ਜੋ ਸਰੀ (ਕੈਨੇਡਾ) ਵਿਖੇ ਟਰਾਲਾ ਚਲਾਉਂਦਾ ਸੀ। ਲਵਦੀਪ ਦੇ ਪਿਤਾ ਬਲਦੇਵ ਸਿੰਘ ਮੰਢਾਲੀ ਵਾਸੀ ਮਾਨਸਾ ਦੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕਰੀਬ ਸਾਢੇ ਸੱਤ ਸਾਲ ਪਹਿਲਾਂ ਕੈਨੇਡਾ ਗਿਆ ਸੀ। 29 ਮਈ ਨੂੰ ਉਹ ਸਰੀ ਤੋਂ ਟਰਾਂਟੋ ਵੱਲ ਜਾ ਰਿਹਾ ਸੀ ਕਿ ਰਾਹ ਵਿਚ ਕੁਝ ਦੋਸਤਾਂ ਕੋਲ ਰੁਕ ਗਿਆ। ਸਵੇਰੇ ਜਦੋਂ ਉਹ ਸਰੀ ਵਿਚ ਸੈਰ ਕਰ ਰਿਹਾ ਸੀ ਤਾਂ ਕੁਝ ਅਣਪਛਾਤਿਆਂ ਨੇ ਉਸ ’ਤੇ ਗੋਲੀਆਂ ਚਲਾ ਕੇ ਉਸ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਲਵਦੀਪ ਸਿੰਘ ਤੇ ਉਨ੍ਹਾਂ ਦੇ ਹੋਰ ਪਰਿਵਾਰਕ ਮੈਂਬਰ ਵੀ ਕੈਨੇਡਾ ਵਸਦੇ ਹਨ ਤੇ ਲਵਦੀਪ ਸਿੰਘ ਟਰਾਲਾ ਚਲਾਉਂਦਾ ਸੀ। ਪਰਿਵਾਰ ਮੁਤਾਬਕ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਤੇ ਰੰਜਿਸ਼ ਨਹੀਂ ਸੀ। ਉਸ ਦਾ ਕਤਲ ਕਿਸੇ ਰੰਜਿਸ਼ ਕਾਰਨ ਜਾਂ ਕਿਸੇ ਲੁੱਟ ਦੀ ਨੀਅਤ ਨਾਲ ਕੀਤਾ ਗਿਆ, ਇਹ ਹਾਲੇ ਤੱਕ ਕੁਝ ਵੀ ਨਹੀਂ ਪਤਾ। ਉਨ੍ਹਾਂ ਕੈਨੇਡਾ ਸਰਕਾਰ ਤੋਂ ਇਸ ਦੀ ਜਾਂਚ ਤੇ ਕਾਤਲਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਪੁਲੀਸ ਨੇ ਇਸ ਮਾਮਲੇ ਵਿਚ ਕੁਝ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਬਲਦੇਵ ਸਿੰਘ ਮੰਢਾਲੀ ਨੇ ਦੱਸਿਆ ਕਿ ਉਥੋਂ ਦੀ ਪੁਲੀਸ ਨੇ ਵੀ ਉਨ੍ਹਾਂ ਤੋਂ ਕੁਝ ਜਾਣਕਾਰੀ ਲਈ ਹੈ। ਮ੍ਰਿਤਕ ਦੀ ਲਾਸ਼ ਬਾਰੇ ਅਜੇ ਤੱਕ ਉਨ੍ਹਾਂ ਨੂੰ ਕੁਝ ਨਹੀਂ ਪਤਾ। ਉਹ ਕੈਨੇਡਾ ਤੇ ਭਾਰਤ ਸਰਕਾਰ ਤੋਂ ਲਵਦੀਪ ਸਿੰਘ ਦੀ ਦੇਹ ਦੇਸ਼ ਲਿਆਉਣ ਲਈ ਮਦਦ ਦੀ ਮੰਗ ਕਰਨਗੇ ਤਾਂ ਜੋ ਉਸ ਦੀਆਂ ਅੰਤਿਮ ਰਸਮਾਂ ਇੱਥੇ ਹੋ ਸਕਣ। ਇਸ ਦੁੱਖ ਦੀ ਘੜੀ ’ਚ ਮੰਢਾਲੀ ਪਰਿਵਾਰ ਨਾਲ ਸ਼ਹਿਰੀਆਂ, ਸਮਾਜਸੇਵੀਆਂ, ਸਿਆਸਤਦਾਨਾਂ ਨੇ ਦੁੱਖ ਸਾਂਝਾ ਕੀਤਾ ਹੈ।

Share: