ਪਾਕਿਸਤਾਨ ’ਚ ਮੰਦਰ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ

ਕਰਾਚੀ : ਪਾਕਿਸਤਾਨ ਦੇ ਸਿੰਧ ਸੂਬੇ ’ਚ ਟਾਂਡੋ ਜਾਮ ਕਸਬੇ ਨੇੜੇ ਜਿਸ ਜ਼ਮੀਨ ’ਤੇ 100 ਪੁਰਾਣਾ ਸ਼ਿਵ ਮੰਦਰ ਹੈ, ਉੱਥੇ ਕੁਝ ਰਸੂਖਦਾਰਾਂ ਨੇ ਨਾਜਾਇਜ਼ ਤੌਰ ’ਤੇ ਕਬਜ਼ਾ ਕਰ ਲਿਆ ਹੈ ਤੇ ਉਸ ਦੇ ਆਸ-ਪਾਸ ਨਿਰਮਾਣ ਸ਼ੁਰੂ ਕਰ ਦਿੱਤਾ ਹੈ। ਹਿੰਦੂਆਂ ਦੇ ਨੁਮਾਇੰਦੇ ਨੇ ਅੱਜ ਇਹ ਜਾਣਕਾਰੀ ਦਿੱਤੀ।

ਪਾਕਿਸਤਾਨ ’ਚ ਹਿੰਦੂਆਂ ਦੇ ਨੁਮਾਇੰਦਾ ਸੰਗਠਨ ਦਰਾਵਰ ਇਤੇਹਾਦ ਪਾਕਿਸਤਾਨ ਦੇ ਮੁਖੀ ਸ਼ਿਵ ਕਾਛੀ ਨੇ ਕਿਹਾ, ‘‘ਮੰਦਰ ਸਦੀ ਪੁਰਾਣਾ ਹੈ ਪਰ ਕੁਝ ਰਸੂਖਦਾਰਾਂ ਨੇ ਇਸ ’ਤੇ ਕਬਜ਼ਾ ਕਰ ਲਿਆ ਹੈ ਤੇ ਮੰਦਰ ਨੇੜਲੀ ਜ਼ਮੀਨ ’ਤੇ ਨਾਜਾਇਜ਼ ਉਸਾਰੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਨਾਲ ਸ਼ਿਵ ਮੰਦਰ ਵੱਲੋਂ ਜਾਣ ਵਾਲੇ ਰਸਤਿਆਂ/ਗੇਟਾਂ ’ਚ ਅੜਿੱਕਾ ਪੈ ਗਿਆ ਹੈ। ਸ਼ਿਵ ਕਾਛੀ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ। ਕਾਛੀ ਨੇ ਆਖਿਆ ਕਿ ਸ਼ਿਵ ਮੰਦਰ ਦੇ ਕੰਮਕਾਜ ਅਤੇ ਮੰਦਰ ਦੇ ਨੇੜੇ ਲਗਪਗ ਚਾਰ ਏਕੜ ਜ਼ਮੀਨ ਦੀ ਦੇਖਰੇਖ ਦਾ ਜ਼ਿੰਮਾ ਕਮੇਟੀ ਕੋਲ ਸੀ। ਇਹ ਜਗ੍ਹਾ ਕਰਾਚੀ ਤੋਂ ਲਗਪਗ 185 ਕਿਲੋਮੀਟਰ ਦੂਰ ਟਾਂਡੋ ਜਾਮ ਕਸਬੇ ਨੇੜੇ ਮੂਸਾ ਖਟਿਆਨ ਪਿੰਡ ਵਿੱਚ ਹੈ। ਉਨ੍ਹਾਂ ਕਿਹਾ ਕਿ ਮੰਦਰ ਦੀ ਇਤਿਹਾਸਕ ਅਹਿਮੀਅਤ ਕਾਰਨ ਸਿੰਧ ਵਿਰਾਸਤ ਵਿਭਾਗ ਦੀ ਟੀਮ ਨੇ ਪਿਛਲੇ ਸਾਲ ਇਸ ਦਾ ਨਵੀਨੀਕਰਨ ਕੀਤਾ ਸੀ। ਸਿੰਧ ਵਿੱਚ ਘੱਟਗਿਣਤੀ ਹਿੰਦੂਆਂ ਦੀ ਭਲਾਈ ਲਈ ਕੰਮ ਕਰਨ ਤੇ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਉਣ ਵਾਲੇ ਸ਼ਿਵ ਕਾਛੀ ਨੇ ਪਾਕਿਸਤਾਨ ਸਰਕਾਰ ਤੋਂ ਮੰਦਰ ਦੇ ਚਾਰੇ ਪਾਸੇ ਨਾਜਾਇਜ਼ ਉਸਾਰੀ ਰੋਕਣ ਦੀ ਅਪੀਲ ਕੀਤੀ ਹੈ।

Share: