21 ਵਿਧਾਇਕਾਂ ਨੇ ਮੋਦੀ ਤੇ ਸ਼ਾਹ ਨੂੰ ਲਿਖਿਆ ਪੱਤਰ

21 ਵਿਧਾਇਕਾਂ ਨੇ ਮੋਦੀ ਤੇ ਸ਼ਾਹ ਨੂੰ ਲਿਖਿਆ ਪੱਤਰ

ਇੰਫਾਲ : ਮਨੀਪੁਰ ਦੇ 21 ਵਿਧਾਇਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਸੂਬੇ ਵਿੱਚ ਸ਼ਾਂਤੀ ਤੇ ਆਮ ਵਰਗੇ ਹਾਲਾਤ ਯਕੀਨੀ ਬਣਾਉਣ ਲਈ ‘ਚੁਣੀ ਹੋਈ ਸਰਕਾਰ’ ਬਹਾਲ ਕਰਨ ਦੀ ਅਪੀਲ ਕੀਤੀ ਹੈ। ਮਨੀਪੁਰ ਵਿੱਚ ਫਿਲਹਾਲ ਰਾਸ਼ਟਰਪਤੀ ਸ਼ਾਸਨ ਲਾਗੂ ਹੈ। ਕੇਂਦਰ ਸਰਕਾਰ ਨੇ 13 ਫਰਵਰੀ ਨੂੰ ਮਨੀਪੁਰ ਵਿੱਚ ਰਾਸ਼ਟਰਪਤੀ ਸ਼ਾਸਨ ਲਗਾ ਦਿੱਤਾ ਸੀ, ਜਿੱਥੇ ਮਈ 2023 ਤੋਂ ਮੈਤੇਈ ਤੇ ਕੂਕੀ-ਜ਼ੋ ਸਮੂਹਾਂ ਵਿਚਾਲੇ ਜਾਤੀ ਆਧਾਰਿਤ ਹਿੰਸਾ ਵਿੱਚ 250 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਮੁੱਖ ਮੰਤਰੀ ਐੱਨ ਬੀਰੇਨ ਸਿੰਘ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਗਿਆ। ਸੂਬੇ ਵਿੱਚ ਵਿਧਾਨ ਸਭਾ ਦਾ ਕਾਰਜਕਾਲ 2027 ਤੱਕ ਹੈ, ਜਿਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਵੱਖ-ਵੱਖ ਲਿਖੇ ਇਨ੍ਹਾਂ ਪੱਤਰਾਂ ’ਤੇ ਭਾਜਪਾ ਦੇ 13 ਵਿਧਾਇਕਾਂ, ਨੈਸ਼ਨਲ ਪੀਪਲਜ਼ ਪਾਰਟੀ (ਐੱਨਪੀਪੀ) ਤੇ ਨਾਗਾ ਪੀਪਲਜ਼ ਫਰੰਟ ਦੇ ਤਿੰਨ-ਤਿੰਨ ਵਿਧਾਇਕਾਂ ਅਤੇ ਦੋ ਆਜ਼ਾਦ ਵਿਧਾਇਕਾਂ ਨੇ ਦਸਤਖ਼ਤ ਕੀਤੇ ਹਨ।

ਰਾਜਪਾਲ ਨੇ ਕਾਨੂੰਨ ਵਿਵਸਥਾ ਦੀ ਸਥਿਤੀ ਦੀ ਸਮੀਖਿਆ ਕੀਤੀ

ਇੰਫਾਲ: ਮਨੀਪੁਰ ਦੇ ਰਾਜਪਾਲ ਅਜੈ ਕੁਮਾਰ ਭੱਲਾ ਨੇ ਅੱਜ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਦੀ ਸਮੀਖਿਆ ਕੀਤੀ ਅਤੇ ਸ਼ਾਂਤੀ ਕਾਇਮ ਰੱਖਣ ਲਈ ਰਣਨੀਤੀ ’ਤੇ ਚਰਚਾ ਕੀਤੀ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸੂਬੇ ਵਿੱਚ ਜਾਤੀ ਆਧਾਰਿਤ ਹਿੰਸਾ ਭੜਕਨ ਦੇ ਦੋ ਸਾਲ ਪੂਰੇ ਹੋਣ ’ਤੇ 3 ਮਈ ਨੂੰ ਮੈਤੇਈ ਤੇ ਕੁਕੀ-ਜ਼ੋ ਭਾਈਚਾਰਿਆਂ ਨਾਲ ਸਬੰਧਤ ਕਈ ਜਥੇਬੰਦੀਆਂ ਦੇ ਪ੍ਰਸਤਾਵਿਤ ਪ੍ਰੋਗਰਾਮਾਂ ਤੋਂ ਪਹਿਲਾਂ ਰਾਜ ਭਵਨ ਵਿੱਚ ਸੁਰੱਖਿਆ ਸਮੀਖਿਆ ਕੀਤੀ ਗਈ। ਇਸ ਮੀਟਿੰਗ ਵਿੱਚ ਸੁਰੱਖਿਆ ਸਲਾਹਕਾਰ ਕੁਲਦੀਪ ਸਿੰਘ, ਡੀਜੀਪੀ ਰਾਜੀਵ ਸਿੰਘ, 57 ਮਾਊਂਟਨ ਡਿਵੀਜ਼ਨ ਦੇ ਜੀਓਸੀ ਮੇਜਰ ਜਨਰਲ ਐੱਸਐੱਸ ਕਾਰਤੀਕੇਅ, ਐੱਸਆਈਬੀ ਦੇ ਜੁਆਇੰਟ ਡਾਇਰੈਕਟਰ ਨਵਦੀਪ ਸਿੰਘ ਗਰੇਵਾਲ ਆਦਿ ਅਧਿਕਾਰੀ ਸ਼ਾਮਲ ਹੋਏ।

Share: