ਕੇਦਾਰਨਾਥ ਧਾਮ ਵਿਚ ਹੈਲੀਕਾਪਟਰ ਹਾਦਸਾਗ੍ਰਸਤ; ਪਾਇਲਟ ਦੀ ਚੌਕਸੀ ਨਾਲ ਵੱਡਾ ਹਾਦਸਾ ਟਲਿਆ

ਕੇਦਾਰਨਾਥ ਧਾਮ ਵਿਚ ਹੈਲੀਕਾਪਟਰ ਹਾਦਸਾਗ੍ਰਸਤ; ਪਾਇਲਟ ਦੀ ਚੌਕਸੀ ਨਾਲ ਵੱਡਾ ਹਾਦਸਾ ਟਲਿਆ

ਚੰਡੀਗੜ੍ਹ :  ਸ੍ਰੀ ਕੇਦਾਰਨਾਥ ਧਾਮ ਵਿੱਚ ਸ਼ਨਿੱਚਰਵਾਰ ਨੂੰ ਇੱਕ ਵੱਡਾ ਹਾਦਸਾ ਟਲ ਗਿਆ ਜਦੋਂ ਏਮਜ਼ ਰਿਸ਼ੀਕੇਸ਼ ਤੋਂ ਮੈਡੀਕਲ ਐਮਰਜੈਂਸੀ ਲਈ ਆਏ ਇੱਕ ਹੈਲੀਕਾਪਟਰ ਦੀ ਲੈਂਡਿੰਗ ਦੌਰਾਨ ਤਕਨੀਕੀ ਖਰਾਬੀ ਕਾਰਨ ਐਮਰਜੈਂਸੀ ਸਥਿਤੀ ਪੈਦਾ ਹੋ ਗਈ। ਇਹ ਹਾਦਸਾ ਹੈਲੀਕਾਪਟਰ ਦੀ ਪੂੰਛ(ਟੇਲ) ਟੁੱਟਣ ਕਾਰਨ ਹੋਇਆ। ਰਾਹਤ ਦੀ ਗੱਲ ਇਹ ਹੈ ਕਿ ਹੈਲੀਕਾਪਟਰ ਵਿੱਚ ਸਵਾਰ ਤਿੰਨੋਂ ਲੋਕ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਹ ਹੈਲੀਕਾਪਟਰ ਇੱਕ ਮਹਿਲਾ ਸ਼ਰਧਾਲੂ ਨੂੰ ਸੰਜੀਵਨੀ ਹੈਲੀ ਐਂਬੂਲੈਂਸ ਸੇਵਾ ਤਹਿਤ ਕੇਦਾਰਨਾਥ ਲੈ ਕੇ ਪਹੁੰਚਿਆ ਸੀ। ਲੈਂਡਿੰਗ ਦੌਰਾਨ ਤਕਨੀਕੀ ਸਮੱਸਿਆ ਕਰਕੇ ਪਾਇਲਟ ਨੇ ਸਮੇਂ ਸਿਰ ਸਥਿਤੀ ਨੂੰ ਸਮਝ ਲਿਆ ਅਤੇ ਮੁੱਖ ਹੈਲੀਪੈਡ ਤੋਂ ਪਹਿਲਾਂ ਇੱਕ ਸੁਰੱਖਿਅਤ ਸਪਾਟ ਜਗ੍ਹਾ ’ਤੇ ਐਮਰਜੈਂਸੀ ਲੈਂਡਿੰਗ ਕੀਤੀ।

ਰੁਦਰਪ੍ਰਯਾਗ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਇੰਸਟਾਗ੍ਰਾਮ ’ਤੇ ਲਿਖਿਆ, ‘‘ਪਾਇਲਟ ਦੀ ਚੌਕਸੀ ਕਾਰਨ ਇੱਕ ਵੱਡਾ ਹਾਦਸਾ ਟਲ ਗਿਆ! ਤਕਨੀਕੀ ਖਰਾਬੀ ਕਾਰਨ ਸੰਜੀਵਨੀ ਹੈਲੀਕਾਪਟਰ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ, ਜਿਸ ਵਿੱਚ ਏਮਜ਼ ਰਿਸ਼ੀਕੇਸ਼ ਤੋਂ ਮੈਡੀਕਲ ਟੀਮ (ਡਾਕਟਰ ਅਤੇ ਨਰਸਿੰਗ ਸਟਾਫ) ਵੀ ਮੌਜੂਦ ਸੀ। ਸਾਰੇ ਸੁਰੱਖਿਅਤ ਹਨ।’’

ਹਵਾਬਾਜ਼ੀ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਵੱਲੋਂ ਇਸ ਘਟਨਾ ਦੀ ਤਕਨੀਕੀ ਜਾਂਚ ਕੀਤੀ ਜਾਵੇਗੀ। ਪ੍ਰਸ਼ਾਸਨ ਨੇ ਹਾਦਸੇ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਚਾਰ ਧਾਮ ਯਾਤਰਾ ਦੌਰਾਨ ਵਾਪਰੀ ਇਸ ਘਟਨਾ ਨੇ ਇੱਕ ਵਾਰ ਫਿਰ ਹਵਾਈ ਸੇਵਾਵਾਂ ਦੀ ਸੁਰੱਖਿਆ ਅਤੇ ਨਿਗਰਾਨੀ ਪ੍ਰਣਾਲੀ ’ਤੇ ਸਵਾਲ ਖੜ੍ਹੇ ਕੀਤੇ ਹਨ, ਹਾਲਾਂਕਿ ਪਾਇਲਟ ਦੀ ਚੌਕਸੀ ਨਾਲ ਸੰਭਾਵੀ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਰਿਹਾ।

Share: