ਦੇਹਰਾਦੂਨ : ਉੱਤਰਾਖੰਡ ਸਰਕਾਰ ਨੇ ਕੇਦਾਰਨਾਥ ਪੈਦਲ ਮਾਰਗ ’ਤੇ ਦੋ ਦਿਨਾਂ ’ਚ 14 ਘੋੜਿਆਂ ਤੇ ਖੱਚਰਾਂ ਦੀ ਭੇਤ-ਭਰੀ ਬਿਮਾਰੀ ਕਾਰਨ ਮੌਤ ਮਗਰੋਂ ਇਨ੍ਹਾਂ ਦੀ ਆਵਾਜਾਈ ’ਤੇ 24 ਘੰਟਿਆਂ ਲਈ ਰੋਕ ਲਾ ਦਿੱਤੀ ਹੈ। ਪਸ਼ੂ ਪਾਲਣ ਵਿਭਾਗ ਦੇ ਸਕੱਤਰ ਬੀਵੀਆਰਸੀ ਪੁਰਸ਼ੋਤਮ ਨੇ ਅੱਜ ਕਿਹਾ ਕਿ 4 ਮਈ ਨੂੰ ਅੱਠ ਅਤੇ ਇਸ ਤੋਂ ਅਗਲੇ ਦਿਨ ਛੇ ਘੋੜਿਆਂ ਤੇ ਖੱਚਰਾਂ ਦੀ ਮੌਤ ਹੋ ਗਈ ਸੀ।
ਉਨ੍ਹਾਂ ਕਿਹਾ ਕਿ ਇੰਨੀ ਵੱਡੀ ਗਿਣਤੀ ’ਚ ਹੋਈਆਂ ਮੌਤਾਂ ਦੇ ਕਾਰਨਾਂ ਦੀ ਜਾਂਚ ਲਈ ਕੇਂਦਰ ਤੋਂ ਮਾਹਿਰਾਂ ਦੀ ਇੱਕ ਵਿਸ਼ੇਸ਼ ਟੀਮ ਪਸ਼ੂਆਂ ਦੀ ਜਾਂਚ ਕਰਨ ਲਈ ਪਹੁੰਚੇਗੀ। ਅਧਿਕਾਰੀ ਨੇ ਕਿਹਾ ਕਿ ਜੀਵਾਣੂ (ਬੈਕਟੀਰੀਆ) ਦੀ ਲਾਗ ਦਾ ਖਦਸ਼ਾ ਹੈ। ਦੱਸਣਯੋਗ ਹੈ ਕਿ ਤੀਰਥ ਯਾਤਰੀਆਂ ਨੂੰ ਕੇਦਾਰਨਾਥ ਮੰਦਰ ਲਿਜਾਣ ਲਈ ਘੋੜਿਆਂ ਤੇ ਖੱਚਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਪੁਰਸ਼ੋਤਮ ਮੁਤਾਬਕ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਐਕੁਆਈਨ ਇਨਫਲੂਐਂਜ਼ਾ (ਘੋੜਿਆਂ ਸਬੰਧੀ ਲਾਗ) ਜਾਨਵਰਾਂ ਦੀ ਮੌਤ ਦਾ ਕਾਰਨ ਸੀ, ਪਰ ਇਸ ਸੰਭਾਵਨਾ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ, ‘‘ਮੌਤ ਦੇ ਅਸਲ ਕਾਰਨਾਂ ਦਾ ਪਤਾ ਕੇਂਦਰ ਮਾਹਿਰਾਂ ਦੀ ਟੀਮ ਵੱਲੋਂ ਇੱਥੇ ਪੁੱਜ ਕੇ ਜਾਂਚ ਕਰਨ ਤੋਂ ਬਾਅਦ ਹੀ ਲੱਗੇਗਾ। ਫਿਲਹਾਲ ਕੇਦਾਰਨਾਥ ਰੂਟ ’ਤੇ ਘੋੜਿਆ ਤੇ ਖੱਚਰਾਂ ਦੀ ਵਰਤੋਂ ’ਤੇ 24 ਘੰਟਿਆਂ ਲਈ ਰੋਕ ਲਾਈ ਗਈ ਹੈ।’’
ਪੁਰਸ਼ੋਤਮ ਮੁਤਾਬਕ 4 ਅਪਰੈਲ ਨੂੰ ਘੋੜਿਆਂ ’ਚ ਐਕੁਆਈਨ ਇਨਫਲੂਐਂਜ਼ਾ ਦੇ ਲੱਛਣ ਮਿਲੇੇ ਸਨ, ਜਿਸ ਮਗਰੋਂ 30 ਅਪਰੈਲ ਤੱਕ 26 ਦਿਨਾਂ ’ਚ 16 ਹਜ਼ਾਰ ਘੋੜਿਆਂ ਦੀ ਜਾਂਚ ਕੀਤੀ ਗਈ ਸੀ। ਇਨ੍ਹਾਂ ਵਿਚੋਂ 152 ਘੋੜਿਆਂ-ਖੱਚਰਾਂ ਦੇ ਸੈਂਪਲਾਂ ਦੀ ਜਾਂਚ ਵਿੱਚ ਲਾਗ ਦੀ ਪੁਸ਼ਟੀ ਹੋਈ ਪਰ ਇਨ੍ਹਾਂ ਦੀ ਆਰਟੀਪੀਸੀਆਰ ਜਾਂਚ ਵਿੱਚ ਇਸ ਦੀ ਪੁਸ਼ਟੀ ਨਹੀਂ ਹੋਈ ਸੀ।