ਹਿਊਸਟਨ: ਜੰਮੂ ਕਸ਼ਮੀਰ ਦੇ ਪਹਿਲਗਾਮ ’ਚ ਦਹਿਸ਼ਤੀ ਹਮਲੇ ਮਗਰੋਂ ਅਮਰੀਕਾ ’ਚ ਕਸ਼ਮੀਰੀ ਹਿੰਦੂ ਵਧੇਰੇ ਜਵਾਬਦੇਹੀ ਤੈਅ ਕਰਨ ਅਤੇ ਆਲਮੀ ਪੱਧਰ ’ਤੇ ਜਾਗਰੂਕਤਾ ਫੈਲਾਉਣ ਦੀ ਮੰਗ ਕਰ ਰਹੇ ਹਨ। ਪਰਵਾਸੀ ਭਾਰਤੀਆਂ ਨੇ ਕਿਹਾ ਕਿ 22 ਅਪਰੈਲ ਨੂੰ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਦੇ ਭਾਰਤ ਦੌਰੇ ਸਮੇਂ ਹੋਇਆ ਹਮਲਾ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਨਾਲ ਸੁਰੱਖਿਆ ਤਿਆਰੀਆਂ ’ਚ ਖਾਮੀਆਂ ਸਾਹਮਣੇ ਆ ਗਈਆਂ ਹਨ। ਇੰਡੋ-ਅਮਰੀਕਨ ਕਸ਼ਮੀਰ ਫੋਰਮ ਦੇ ਕੌਮਾਂਤਰੀ ਤਾਲਮੇਲ ਅਧਿਕਾਰੀ ਡਾਕਟਰ ਵਿਜੇ ਸਜ਼ਾਵਲ ਨੇ ਦਾਅਵਾ ਕੀਤਾ ਕਿ ਹਮਲੇ ਨੂੰ ਰੋਕਿਆ ਜਾ ਸਕਦਾ ਸੀ। ਉਸ ਨੇ ਦਾਅਵਾ ਕੀਤਾ, ‘‘ਹਜ਼ਾਰਾਂ ਸੈਲਾਨੀ ਰੋਜ਼ਾਨਾ ਇਸ ਰੂਟ ’ਤੇ ਆ-ਜਾ ਰਹੇ ਸਨ ਪਰ ਫਿਰ ਵੀ ਹਮਲੇ ਵਾਲੇ ਦਿਨ ਉਥੇ ਸੁਰੱਖਿਆ ਨਜ਼ਰ ਨਹੀਂ ਆਈ।’’ ਉਨ੍ਹਾਂ ਕਿਹਾ ਕਿ ਅਤਿਵਾਦੀਆਂ ਨੂੰ ਸਥਾਨਕ ਪੱਧਰ ’ਤੇ ਸਹਾਇਤਾ ਦੇਣ ਵਾਲੇ ਸਰਗਰਮ ਵਰਕਰਾਂ ਵੱਲ ਧਿਆਨ ਦੇਣ ਦੀ ਲੋੜ ਹੈ। ਪਦਮਸ੍ਰੀ ਡਾਕਟਰ ਸੁਭਾਸ਼ ਕਾਕ ਨੇ ਕਿਹਾ ਕਿ ਪਾਕਿਸਤਾਨ ਨਾਲ ਵਪਾਰ ਅਤੇ ਕੂਟਨੀਤਕ ਸਬੰਧ ਤੋੜਨਾ ਹੀ ਕਾਫੀ ਨਹੀਂ ਹੈ ਸਗੋਂ ਕੋਈ ਵੱਡੀ ਕਾਰਵਾਈ ਕਰਨੀ ਚਾਹੀਦੀ ਹੈ।
Posted inNews