ਜਲੰਧਰ ’ਚ ਹਾਈ ਅਲਰਟ; ਡਰੋਨ ਹਮਲਿਆਂ ਤੋਂ ਇੱਕ ਦਿਨ ਬਾਅਦ, ਸ਼ਹਿਰ ਵਿੱਚ ਮਿਜ਼ਾਈਲ ਹਮਲੇ

ਜਲੰਧਰ ’ਚ ਹਾਈ ਅਲਰਟ; ਡਰੋਨ ਹਮਲਿਆਂ ਤੋਂ ਇੱਕ ਦਿਨ ਬਾਅਦ, ਸ਼ਹਿਰ ਵਿੱਚ ਮਿਜ਼ਾਈਲ ਹਮਲੇ

ਜਲੰਧਰ : ਡਰੋਨ ਹਮਲਿਆਂ ਤੋਂ ਇੱਕ ਦਿਨ ਬਾਅਦ ਜਲੰਧਰ ਵਿੱਚ 9-10 ਮਈ ਦੀ ਦਰਮਿਆਨੀ ਰਾਤ ਨੂੰ ਕਈ ਮਿਜ਼ਾਈਲ ਹਮਲੇ ਹੋਏ। ਇਸ ਦੌਰਾਨ ਰੁਕ-ਰੁਕ ਕੇ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ, ਜਿਸ ਨਾਲ ਲੋਕ ਘਬਰਾ ਗਏ। ਆਦਮਪੁਰ ਨੇੜੇ ਕੰਗਣੀਵਾਲ ਪਿੰਡ ਦੇ ਲੋਕਾਂ ਨੇ ਸਵੇਰੇ 1:30 ਵਜੇ ਦੇ ਕਰੀਬ ਧਮਾਕੇ ਦੀ ਆਵਾਜ਼ ਸੁਣੀ। ਪਿੰਡ ਵਾਸੀਆਂ ਨੇ ਕਿਹਾ ਕਿ ਜਿਵੇਂ ਹੀ ਉਹ ਘਰਾਂ ਦੇ ਬਾਹਰ ਆਏ ਤਾਂ ਉਨ੍ਹਾਂ ਨੇ ਮਿਜ਼ਾਈਲ ਦਾ ਮਲਬਾ ਦੇਖਿਆ। ਘਰ ਦੇ ਬਾਹਰ ਖੜ੍ਹੀ ਇੱਕ ਕਾਰ ਨੂੰ ਨੁਕਸਾਨ ਪਹੁੰਚਿਆ ਸੀ ਅਤੇ ਇੱਕ ਹੋਰ ਘਰ ਵਿੱਚ ਪਾਣੀ ਦੀ ਟੈਂਕੀ ਵਿੱਚ ਤਰੇੜਾਂ ਆ ਗਈਆਂ ਸਨ। ਘਟਨਾ ਤੋਂ ਤੁਰੰਤ ਬਾਅਦ, ਜ਼ਿਲ੍ਹਾ ਪ੍ਰਸ਼ਾਸਨ ਨੇ ਤੜਕੇ 1:30 ਵਜੇ ਬਲੈਕਆਊਟ ਲਾਗੂ ਕਰ ਦਿੱਤਾ, ਜੋ ਸਵੇਰੇ 6 ਵਜੇ ਤੱਕ ਜਾਰੀ ਰਿਹਾ।

ਇਸੇ ਤਰ੍ਹਾਂ ਅੱਜ ਸਵੇਰੇ ਕਰਤਾਰਪੁਰ ਨੇੜੇ ਮੰਡ ਮੌੜ ਪਿੰਡ ਵਿੱਚ ਵੀ ਮਿਜ਼ਾਈਲ ਦਾ ਮਲਬਾ ਮਿਲਿਆ। ਫਗਵਾੜਾ ਨੇੜੇ ਰਾਮਪੁਰ ਖਲਿਆਣ ਪਿੰਡ ਵਿੱਚ ਵੀ ਮਿਜ਼ਾਈਲ ਦਾ ਮਲਬਾ ਮਿਲਿਆ, ਜਿੱਥੇ ਖੇਤਾਂ ਵਿੱਚ 8 ਫੁੱਟ ਡੂੰਘਾ ਟੋਆ ਪੈ ਗਿਆ। ਸ਼ਨਿੱਚਰਵਾਰ ਸਵੇਰੇ 7:15 ਵਜੇ ਤੋਂ ਬਾਅਦ ਘੱਟੋ-ਘੱਟ ਚਾਰ ਹੋਰ ਧਮਾਕੇ ਸੁਣੇ ਗਏ। ਪ੍ਰਸ਼ਾਸਨ ਵੱਲੋਂ ਸਾਇਰਨ ਵਜਾਏ ਜਾ ਰਹੇ ਸਨ। ਜਲੰਧਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇੱਕ ਸੁਨੇਹਾ ਵਿਚ ਕਿਹਾ, ‘‘ਜਲੰਧਰ ਸਾਰੀ ਰਾਤ ਰੈੱਡ ਅਲਰਟ ’ਤੇ ਸੀ। ਬਹੁਤ ਸਾਰੀਆਂ ਚੀਜ਼ਾਂ (ਮਿਜ਼ਾਈਲਾਂ/ਡਰੋਨ) ਵੇਖੀਆਂ ਗਈਆਂ ਅਤੇ ਹਥਿਆਰਬੰਦ ਬਲਾਂ ਨੇ ਉਨ੍ਹਾਂ ਨੂੰ ਬੇਅਸਰ ਕਰ ਦਿੱਤਾ ਹੈ। ਸ਼ਾਂਤ ਰਹੋ ਅਤੇ ਜਿੰਨਾ ਹੋ ਸਕੇ ਘਰਾਂ ਅੰਦਰ ਰਹੋ।’’

Share: