ਜੈਸ਼ੰਕਰ ਵੱਲੋਂ ਨੈਦਰਲੈਂਡਜ਼ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਜੈਸ਼ੰਕਰ ਵੱਲੋਂ ਨੈਦਰਲੈਂਡਜ਼ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਹੇਗ : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਨੈਦਰਲੈਂਡਜ਼ ਦੇ ਪ੍ਰਧਾਨ ਮੰਤਰੀ ਡਿੱਕ ਸਕੂਫ ਨਾਲ ਮੁਲਾਕਾਤ ਕੀਤੀ ਅਤੇ ਅਤਿਵਾਦ ਖ਼ਿਲਾਫ਼ ਨੈਦਰਲੈਂਡਜ਼ ਦੇ ਰੁਖ਼ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਜੈਸ਼ੰਕਰ ਆਪਣੀ ਤਿੰਨ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਗੇੜ ਤਹਿਤ ਇੱਥੇ ਆਏ ਹਨ। ਇੱਥੋਂ ਉਹ ਡੈਨਮਾਰਕ ਤੇ ਜਰਮਨੀ ਵੀ ਜਾਣਗੇ। ਪਹਿਲਗਾਮ ਹਮਲੇ ਤੋਂ ਬਾਅਦ ਜੈਸ਼ੰਕਰ ਦੀ ਇਹ ਪਹਿਲੀ ਵਿਦੇਸ਼ ਯਾਤਰਾ ਹੈ। ਜੈਸ਼ੰਕਰ ਨੇ ਐੱਕਸ ’ਤੇ ਲਿਖਿਆ, ‘ਅੱਜ ਹੇਗ ’ਚ ਪ੍ਰਧਾਨ ਮੰਤਰੀ ਡਿੱਕ ਸਕੂਫ ਨਾਲ ਮੁਲਾਕਾਤ ਕਰਕੇ ਖੁਸ਼ੀ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਅਤਿਵਾਦ ਖ਼ਿਲਾਫ਼ ਨੈਦਰਲੈਂਡਜ਼ ਦੇ ਦ੍ਰਿੜ੍ਹ ਰੁਖ਼ ਲਈ ਉਨ੍ਹਾਂ ਦਾ ਧੰਨਵਾਦ ਕੀਤਾ।’ ਉਨ੍ਹਾਂ ਲਿਖਿਆ, ‘ਭਾਰਤ-ਨੈਦਰਲੈਂਡਜ਼ ਭਾਈਵਾਲੀ ਨੂੰ ਨਵੀਆਂ ਉਚਾਈਆਂ ’ਤੇ ਲਿਜਾਣ ਦੀ ਉਨ੍ਹਾਂ ਦੀ ਪ੍ਰਤੀਬੱਧਤਾ ਦੀ ਸ਼ਲਾਘਾ ਕਰਦਾ ਹਾਂ। ਉਮੀਦ ਹੈ ਕਿ ਸਾਡੀਆਂ ਟੀਮਾਂ ਇਨ੍ਹਾਂ ਟੀਚਿਆਂ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਨਗੀਆਂ।’ ਸਕੂਫ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੀ ਅਧਿਕਾਰਤ ਰਿਹਾਇਸ਼ ’ਚ ਜੈਸ਼ੰਕਰ ਦਾ ਸਵਾਗਤ ਕਰਕੇ ਖੁਸ਼ ਹਨ। ਉਨ੍ਹਾਂ ਐੱਕਸ ’ਤੇ ਕਿਹਾ, ‘ਸਭ ਤੋਂ ਪਹਿਲਾਂ ਮੈਂ ਪਿਛਲੇ ਮਹੀਨੇ ਪਹਿਲਗਾਮ ’ਚ ਹੋਏ ਭਿਆਨਕ ਹਮਲੇ ਤੋਂ ਬਾਅਦ ਅਤਿਵਾਦ ਖ਼ਿਲਾਫ਼ ਭਾਰਤ ਦੀ ਲੜਾਈ ਪ੍ਰਤੀ ਆਪਣੀ ਹਮਾਇਤ ਜ਼ਾਹਿਰ ਕੀਤੀ। ਇਹ ਸਾਰੀਆਂ ਧਿਰਾਂ ਲਈ ਚੰਗੀ ਗੱਲ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਸੰਘਰਸ਼ ਹੋਰ ਨਹੀਂ ਵਧਿਆ।’ ਉਨ੍ਹਾਂ ਕਿਹਾ ਕਿ ਉਨ੍ਹਾਂ ਜੈਸ਼ੰਕਰ ਨਾਲ ਦੁਵੱਲੀ ਰਣਨੀਤਕ ਭਾਈਵਾਲੀ ਬਾਰੇ ਚਰਚਾ ਕੀਤੀ।

ਬੀਤੇ ਦਿਨ ਨੈਦਰਲੈਂਡਜ਼ ਦੇ ਵਿਦੇਸ਼ ਮੰਤਰੀ ਕੈਸਪਰ ਵੈਲਡਕੈਂਪ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤ ਨਾਲ ਆਪਣੇ ਦੁਵੱਲੇ ਸਹਿਯੋਗ ਨੂੰ ਅਗਲੇ ਪੱਧਰ ਤੱਕ ਲਿਜਾਣ ਲਈ ਸ਼ਾਨਦਾਰ ਮੌਕੇ ਦੇਖ ਰਿਹਾ ਹੈ ਅਤੇ ਉਹ ਸੁਰੱਖਿਆ ਤੇ ਅਹਿਮ ਉੱਭਰਦੀਆਂ ਤਕਨੀਕਾਂ ਜਿਹੇ ਮੁੱਖ ਖੇਤਰਾਂ ’ਚ ਭਾਰਤ ਨਾਲ ਲੰਮੇ ਸਮੇਂ ਦੀ ਭਾਈਵਾਲੀ ਸਥਾਪਤ ਕਰਨ ਲਈ ਉਤਸ਼ਾਹਿਤ ਹੈ। ਵੈਲਡਕੈਂਪ ਤੇ ਜੈਸ਼ੰਕਰ ਵਿਚਾਲੇ ਮੀਟਿੰਗ ਦੌਰਾਨ ਪਹਿਲਗਾਮ ਅਤਿਵਾਦੀ ਹਮਲੇ ਮਗਰੋਂ ਬਣੇ ਹਾਲਾਤ ਬਾਰੇ ਵੀ ਚਰਚਾ ਕੀਤੀ ਗਈ। ਵੈਲਡਕੈਂਪ ਨੇ ਐਕਸ ’ਤੇ ਲਿਖਿਆ, ‘ਪਿਛਲੇ ਮਹੀਨੇ ਭਾਰਤ ’ਚ ਮੁਲਾਕਾਤ ਮਗਰੋਂ ਮੈਨੂੰ ਡਾ. ਐੱਸ ਜੈਸ਼ੰਕਰ ਦਾ ਹੇਗ ’ਚ ਸਵਾਗਤ ਕਰਦਿਆਂ ਖੁਸ਼ੀ ਹੋ ਰਹੀ ਹੈ। ਅਸੀਂ ਪਹਿਲਗਾਮ ’ਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਦੀ ਸਥਿਤੀ ਤੇ ਤਣਾਅ ਘਟਾਉਣ ਦੀ ਦਿਸ਼ਾ ’ਚ ਇੱਕ ਕਦਮ ਦੇ ਰੂਪ ’ਚ ਪਾਕਿਸਤਾਨ ਨਾਲ ਦੁਸ਼ਮਣੀ ਖਤਮ ਕਰਨ ਬਾਰੇ ਚਰਚਾ ਕੀਤੀ।’ ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਬਦਲ ਰਹੀ ਇਸ ਦੁਨੀਆ ’ਚ ਉਹ ਦੁਵੱਲੇ ਸਹਿਯੋਗ ਨੂੰ ਅਗਲੇ ਮੁਕਾਮ ਤੱਕ ਲਿਜਾਣ ਦੇ ਵੱਡੇ ਮੌਕੇ ਵਜੋਂ ਦੇਖਦੇ ਹਨ।

Share: