ਇਸਰੋ ਐਤਵਾਰ ਨੂੰ ਲਾਂਚ ਕਰੇਗਾ 101ਵਾਂ ਸੈਟੇਲਾਈਟ

ਚੇਨੱਂਈ : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਵੀ. ਨਰਾਇਣਨ ਨੇ ਅੱਜ ਐਲਾਨ ਕੀਤਾ ਕਿ ਇਸਰੋ 18 ਮਈ ਨੂੰ ਆਪਣਾ 101ਵਾਂ ਸੈਟੇਲਾਈਟ ਲਾਂਚ ਕਰੇਗੀ ਅਤੇ ਕਿਹਾ ਕਿ ਪੁਲਾੜ ਏਜੰਸੀ ਦੇ ਪ੍ਰੋਗਰਾਮਾਂ ਦੀ ਯੋਜਨਾ ਦੇਸ਼ ਦੀ ਰੱਖਿਆ ਤੇ ਸੁਰੱਖਿਆ ਯਕੀਨੀ ਬਣਾਉਣ ਦੇ ਟੀਚੇ ਨਾਲ ਤਿਆਰ ਕੀਤੀ ਜਾਂਦੀ ਹੈ।

ਨਾਰਾਇਣਨ ਨੇ ਕਿਹਾ, ‘‘ਅਸੀਂ ਜਨਵਰੀ ’ਚ ਸ੍ਰੀਹਰੀਕੋਟਾ ਤੋਂ 100ਵਾਂ ਰਾਕੇਟ ਸਫਲਤਾ ਨਾਲ ਦਾਗਿਆ ਸੀ। ਭਾਰਤ ਆਪਣੇ 101ਵੇਂ ਸੈਟੇਲਾਈਟ ‘ਦਿ ਅਰਥ ਅਬਜ਼ਰਵੇਸ਼ਨ ਸੈਟੇਲਾਈਟ ਆਰਆਈਐੱਸਏਟੀ-18’ ਨੂੰ ਪੋਲਰ ਸੈਟੇਲਾਈਟ ਲਾਂਚ ਵ੍ਹੀਕਲ (ਪੀਐੱਸਐੱਲਵੀ-ਸੀ16) ਰਾਹੀਂ 18 ਮਈ ਨੂੰ ਲਾਂਚ ਕਰੇਗਾ।’’ ਪੀਐੱਸਐੱਲਵੀ ਭਾਰਤ ਦੀ ਨਿਗਰਾਨੀ ਤੇ ਆਫ਼ਤ ਪ੍ਰਬੰਧ ਸਮਰੱਥਾ ਨੂੰ ਮਜ਼ਬੂਤ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸਰੋ ਦੇ ਮਿਸ਼ਨ ਮੁਲਕ ਦੇ ਵੱਖ-ਵੱਖ ਸੈਕਟਰਾਂ ਦੀਆਂ ਲੋੜਾਂ ਤੋਂ ਪ੍ਰੇਰਿਤ ਹਨ ਅਤੇ ਇਹ ਆਪਣੇ ਟੀਚੇ ਹਾਸਲ ਕਰਨ ’ਚ ਤਕਨੀਕੀ ਤੌਰ ’ਤੇ ਸਮਰੱਥ ਹਨ। ਨਰਾਇਣਨ ਨੇ ਇਸ ਸਵਾਲ ਕਿ ਕੀ ਇਸਰੋ ਨੇ ਭਾਰਤੀ ਫੌਜਾਂ ਲਈ ਕਿਸੇ ਵਿਸ਼ੇਸ਼ ਲਾਂਚ ਦੀ ਯੋਜਨਾ ਬਣਾਈ ਹੈ?, ਦੇ ਜਵਾਬ ’ਚ ਕਿਹਾ, ‘‘ਸਾਡੇ ਸਾਰੇ ਮਿਸ਼ਨ ਦੇਸ਼ ਦੇ ਲੋਕਾਂ ਤੇ ਇਸ ਦੀ ਸੁਰੱਖਿਆ ਲਈ ਹਨ। ਅਸੀਂ ਹੋਰ ਮੁਲਕਾਂ ਨਾਲ ਮੁਕਾਬਲਾ ਨਹੀਂ ਕਰਦੇ। ਸਾਡੇ ਮਿਸ਼ਨ ਦੀ ਯੋਜਨਾ ਸਾਡੀਆਂ ਲੋੜਾਂ ਦੇ ਅਧਾਰ ’ਤੇ ਬਣਾਈ ਜਾਂਦੀ ਹੈ।’’

Share: