ਨਵੀਂ ਦਿੱਲੀ: ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਜਾਣ ਵਾਲਾ ਐੱਕਸੀਓਮ-4 ਮਿਸ਼ਨ ਹੁਣ 8 ਜੂਨ ਨੂੰ ਸ਼ਾਮ 6.41 ਵਜੇ (ਭਾਰਤੀ ਸਮੇਂ ਮੁਤਾਬਕ) ਫਲੋਰਿਡਾ ਦੇ ਕੈਨੇਡੀ ਪੁਲਾੜ ਸੈਂਟਰ ਤੋਂ ਲਾਂਚ ਕੀਤਾ ਜਾਵੇਗਾ। ਪਹਿਲਾਂ ਇਹ ਮਿਸ਼ਨ 29 ਮਈ ਨੂੰ ਲਾਂਚ ਕੀਤਾ ਜਾਣਾ ਸੀ। ਅਮਰੀਕਾ ਦੀ ਕਮਰਸ਼ੀਅਲ ਮਨੁੱਖੀ ਪੁਲਾੜ ਉਡਾਣ ਕੰਪਨੀ ਐੱਕਸੀਓਮ ਸਪੇਸ ਅਤੇ ਨਾਸਾ ਨੇ ਇਹ ਪੁਸ਼ਟੀ ਕੀਤੀ ਹੈ। ਮਿਸ਼ਨ ਤਹਿਤ ਭਾਰਤ ਦੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨੂੰ ਤਿੰਨ ਹੋਰ ਯਾਤਰੀਆਂ ਨਾਲ ਪੁਲਾੜ ’ਚ ਭੇਜਿਆ ਜਾਣਾ ਹੈ। ਨਾਸਾ ਨੇ ਐਕਸ ’ਤੇ ਪੋਸਟ ’ਚ ਕਿਹਾ, ‘‘ਪੁਲਾੜ ਸਟੇਸ਼ਨ ਦੇ ਉਡਾਣ ਪ੍ਰੋਗਰਾਮ ਦੀ ਸਮੀਖਿਆ ਮਗਰੋਂ ਨਾਸਾ ਤੇ ਇਸ ਦੇ ਭਾਈਵਾਲ ਕਈ ਅਗਾਮੀ ਮਿਸ਼ਨਾਂ ਦੇ ਲਾਂਚ ਪ੍ਰੋਗਰਾਮਾਂ ਨੂੰ ਮੁੜ ਤੋਂ ਨਿਰਧਾਰਿਤ ਕਰ ਰਹੇ ਹਨ। ਐੱਕਸੀਓਮ ਮਿਸ਼ਨ-4 ਹੁਣ ਐਤਵਾਰ, 8 ਜੂਨ ਨੂੰ ਸਵੇਰੇ 9.11 ਵਜੇ (ਈਡੀਟੀ ਮੁਤਾਬਕ) ਲਾਂਚ ਕੀਤਾ ਜਾਵੇਗਾ।’’ ਸ਼ੁਕਲਾ ਸਪੇਸਐਕਸ ਦੇ ਪੁਲਾੜ ਵਾਹਨ ‘ਡਰੈਗਨ’ ਰਾਹੀਂ ਪੁਲਾੜ ’ਚ ਜਾਣਗੇ। ਉਹ ਭਾਰਤ ਦੇ ਪਹਿਲੇ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਦੀ 1984 ’ਚ ਰੂਸੀ ਸਪੇਸਕ੍ਰਾਫਟ ਸੋਯੂਜ਼ ਰਾਹੀਂ ਪੁਲਾੜ ਯਾਤਰਾ ਕਰਨ ਦੇ ਚਾਰ ਦਹਾਕਿਆਂ ਬਾਅਦ ਪੁਲਾੜ ’ਚ ਜਾ ਰਹੇ ਹਨ।
Posted inNews
ਭਾਰਤ ਦੇ ਸ਼ੁਭਾਂਸ਼ੂ ਸ਼ੁਕਲਾ ਹੁਣ 8 ਜੂਨ ਨੂੰ ਜਾਣਗੇ ਕੌਮਾਂਤਰੀ ਪੁਲਾੜ ਸਟੇਸ਼ਨ
