ਇਸਲਾਮਾਬਾਦ : ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ ਭਾਰਤ ਵਿਚ ਫਸੇ ਆਪਣੇ ਨਾਗਰਿਕਾਂ ਲਈ ਵਾਹਗਾ ਸਰਹੱਦੀ ਲਾਂਘੇ ਦੀ ਵਰਤੋਂ ਦੀ ਆਗਿਆ ਜਾਰੀ ਰੱਖੇਗਾ। ਭਾਰਤ ਵਿਚ ਅੰਮ੍ਰਿਤਸਰ ਅਤੇ ਪਾਕਿਸਤਾਨ ਵਿਚ ਲਾਹੌਰ ਦੇ ਨੇੜੇ ਸਥਿਤ ਅਟਾਰੀ-ਵਾਹਗਾ ਸਰਹੱਦ ਨੂੰ 30 ਅਪਰੈਲ ਤੱਕ ਖੁੱਲ੍ਹਾ ਰੱਖਣ ਤੋਂ ਬਾਅਦ ਵੀਰਵਾਰ ਨੂੰ ਬੰਦ ਕਰ ਦਿੱਤਾ ਗਿਆ ਹੈ।
ਵੀਰਵਾਰ ਨੂੰ ਸਰਹੱਦ ’ਤੇ 70 ਪਾਕਿਸਤਾਨੀ ਨਾਗਰਿਕ ਫਸੇ ਹੋਣ ਦੀ ਖ਼ਬਰ ਹੈ। ਮੀਡੀਆ ਦੇ ਸਵਾਲਾਂ ਦੇ ਜਵਾਬ ਵਿਚ ਪਾਕਿਸਤਾਨ ਵਿਦੇਸ਼ ਮੰਤਰਾਲੇ (ਐਮਓਐਫਏ) ਦੇ ਬੁਲਾਰੇ ਨੇ ਭਾਰਤੀ ਪਾਸੇ ਅਟਾਰੀ ਸਰਹੱਦ ’ਤੇ ਫਸੇ ਪਾਕਿਸਤਾਨੀ ਨਾਗਰਿਕਾਂ, ਬੱਚਿਆਂ ਸਮੇਤ ਹੋਣ ਦੀਆਂ ਰਿਪੋਰਟਾਂ ਨੂੰ ਸਵੀਕਾਰ ਕੀਤਾ।ਐਮਓਐੱਫਏ ਦੇ ਬੁਲਾਰੇ ਨੇ ਕਿਹਾ, ‘‘ਅਸੀਂ ਮੀਡੀਆ ਰਿਪੋਰਟਾਂ ਤੋਂ ਜਾਣੂ ਹਾਂ ਜੋ ਦਰਸਾਉਂਦੀਆਂ ਹਨ ਕਿ ਕੁਝ ਪਾਕਿਸਤਾਨੀ ਨਾਗਰਿਕ ਅਟਾਰੀ ਵਿਚ ਫਸੇ ਹੋਏ ਹਨ। ਅਸੀਂ ਆਪਣੇ ਨਾਗਰਿਕਾਂ ਨੂੰ ਪ੍ਰਾਪਤ(ਰੀਸੀਵ) ਕਰਨ ਲਈ ਤਿਆਰ ਹਾਂ ਜੇਕਰ ਭਾਰਤੀ ਅਧਿਕਾਰੀ ਉਨ੍ਹਾਂ ਨੂੰ ਆਪਣੇ ਪਾਸੇ ਤੋਂ ਸਰਹੱਦ ਪਾਰ ਕਰਨ ਦੀ ਇਜਾਜ਼ਤ ਦਿੰਦੇ ਹਨ।
ਬੁਲਾਰੇ ਨੇ ਕਿਹਾ ਕਿ ਵਾਹਗਾ ਸਰਹੱਦ ਭਵਿੱਖ ਵਿਚ ਵੀ ਵਾਪਸ ਆਉਣ ਦੇ ਚਾਹਵਾਨ ਪਾਕਿਸਤਾਨੀ ਨਾਗਰਿਕਾਂ ਲਈ ਖੁੱਲ੍ਹੀ ਰਹੇਗੀ। ਵਿਦੇਸ਼ ਦਫ਼ਤਰ ਨੇ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਰੱਦ ਕਰਨ ਦੇ ਭਾਰਤ ਦੇ ਫੈਸਲੇ ਦੀ ਵੀ ਆਲੋਚਨਾ ਕੀਤੀ। ਡਾਕਟਰੀ ਇਲਾਜ ਅਤੇ ਪਰਿਵਾਰਕ ਵਿਛੋੜੇ ਵਿਚ ਰੁਕਾਵਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ, ‘‘ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਰੱਦ ਕਰਨ ਦਾ ਭਾਰਤੀ ਫੈਸਲਾ ਗੰਭੀਰ ਮਨੁੱਖੀ ਚੁਣੌਤੀਆਂ ਪੈਦਾ ਕਰ ਰਿਹਾ ਹੈ।’’
ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨੀ ਨਾਗਰਿਕਾਂ ਨੂੰ ‘ਭਾਰਤ ਛੱਡੋ’ ਨੋਟਿਸ ਜਾਰੀ ਕੀਤਾ ਸੀ। ਸਾਰਕ ਵੀਜ਼ਾ ਰੱਖਣ ਵਾਲਿਆਂ ਲਈ ਭਾਰਤ ਛੱਡਣ ਦੀ ਆਖਰੀ ਮਿਤੀ 26 ਅਪਰੈਲ ਸੀ। ਮੈਡੀਕਲ ਵੀਜ਼ਾ ਰੱਖਣ ਵਾਲਿਆਂ ਲਈ ਆਖਰੀ ਮਿਤੀ 29 ਅਪਰੈਲ ਸੀ। 12 ਹੋਰ ਸ਼੍ਰੇਣੀਆਂ ਦੇ ਵੀਜ਼ਾ ਲਈ ਆਖਰੀ ਮਿਤੀ 27 ਅਪਰੈਲ ਸੀ।