ਨਵੀਂ ਦਿੱਲੀ : ਅਮਰੀਕੀ ਰੱਖਿਆ ਮੰਤਰੀ ਪੀਟ ਹੈਗਸੇਥ ਨੇ ਪਹਿਲਗਾਮ ਅਤਿਵਾਦੀ ਹਮਲੇ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦਰਮਿਆਨ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਅੱਜ ਫੋਨ ’ਤੇ ਗੱਲਬਾਤ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤ ਦੇ ਆਤਮ-ਰੱਖਿਆ ਦੇ ਅਧਿਕਾਰ ਅਤੇ ਅਤਿਵਾਦ ਖ਼ਿਲਾਫ਼ ਲੜਾਈ ਦਾ ਸਮਰਥਨ ਕਰਦਾ ਹੈ। ਰਾਜਨਾਥ ਸਿੰਘ ਨੇ ਹੈਗਸੇਥ ਨੂੰ ਕਿਹਾ ਕਿ ਪਾਕਿਸਤਾਨ ਇਕ ‘ਧੋਖੇਬਾਜ਼’ ਦੇਸ਼ ਦੇ ਰੂਪ ਵਿੱਚ ਬੇਨਕਾਬ ਹੋ ਗਿਆ ਹੈ ਜੋ ਆਲਮੀ ਅਤਿਵਾਦ ਨੂੰ ਭੜਕਾ ਕਰ ਰਿਹਾ ਹੈ ਅਤੇ ਖਿੱਤੇ ਨੂੰ ਅਸਥਿਰ ਬਣਾ ਰਿਹਾ ਹੈ। ਇਕ ਅਧਿਕਾਰਤ ਬਿਆਨ ਮੁਤਾਬਕ, ਰੱਖਿਆ ਮੰਤਰੀ ਨੇ ਗੱਲਬਾਤ ਦੌਰਾਨ ਕਿਹਾ ਕਿ ਦੁਨੀਆ ਹੁਣ ਅਤਿਵਾਦ ਪ੍ਰਤੀ ਅੱਖਾਂ ਬੰਦ ਕਰ ਕੇ ਨਹੀਂ ਬੈਠ ਸਕਦੀ ਹੈ। ਸਿੰਘ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, ‘‘ਉਨ੍ਹਾਂ ਅਤਿਵਾਦ ਖ਼ਿਲਾਫ਼ ਭਾਰਤ ਦੀ ਲੜਾਈ ਵਿੱਚ ਅਮਰੀਕੀ ਸਰਕਾਰ ਦੇ ਮਜ਼ਬੂਤ ਸਮਰਥਨ ਨੂੰ ਦੋਹਰਾਇਆ।’’ ਰੱਖਿਆ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, ‘‘ਰੱਖਿਆ ਮੰਤਰੀ ਨੇ ਆਪਣੇ ਅਮਰੀਕੀ ਹਮਰੁਤਬਾ ਨੂੰ ਦੱਸਿਆ ਕਿ ਪਾਕਿਸਤਾਨ ਦਾ ਅਤਿਵਾਦੀ ਜਥੇਬੰਦੀਆਂ ਨੂੰ ਸਮਰਥਨ, ਸਿਖਲਾਈ ਤੇ ਫੰਡਿੰਗ ਕਰਨ ਦਾ ਇਤਿਹਾਸ ਰਿਹਾ ਹੈ।’’ ਮੰਤਰਾਲੇ ਨੇ ਰਾਜਨਾਥ ਸਿੰਘ ਦੇ ਹਵਾਲੇ ਨਾਲ ਕਿਹਾ, ‘‘ਆਲਮੀ ਭਾਈਚਾਰੇ ਲਈ ਇਹ ਮਹੱਤਵਪੂਰਨ ਹੈ ਕਿ ਉਹ ਅਤਿਵਾਦ ਦੇ ਅਜਿਹੇ ਘਿਨਾਉਣੇ ਕੰਮਾਂ ਦੀ ਸਪੱਸ਼ਟ ਤੌਰ ’ਤੇ ਅਤੇ ਇਕ ਆਵਾਜ਼ ਵਿੱਚ ਨਿਖੇਧੀ ਕਰੇ ਅਤੇ ਉਨ੍ਹਾਂ ਦਾ ਵਿਰੋਧ ਕਰੇ।’’ ਮੰਤਰਾਲੇ ਨੇ ਕਿਹਾ ਕਿ ਹੈਗਸੇਥ ਨੇ ਸਿੰਘ ਨੂੰ ਫੋਨ ’ਤੇ ਪਹਿਲਗਾਮ ਅਤਿਵਾਦੀ ਹਮਲੇ ਵਿੱਚ ਨਿਰਦੋਸ਼ ਨਾਗਰਿਕਾਂ ਦੀ ਹੋਈ ਮੌਤ ’ਤੇ ਹਮਦਰਦੀ ਤੇ ਸੰਵੇਦਨਾ ਜ਼ਾਹਿਰ ਕੀਤੀ।
Posted inNews
ਭਾਰਤ ਦੇ ਰੱਖਿਆ ਅਧਿਕਾਰ ਦਾ ਸਮਰਥਨ ਕਰਦਾ ਹੈ ਅਮਰੀਕਾ: ਹੈਗਸੇਥ
