ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਵਿਚਾਲੇ ਗੋਲੀਬੰਦੀ ’ਤੇ ਹੋਈ ਰਜ਼ਾਮੰਦੀ ਬਰਕਰਾਰ ਰੱਖਣ ’ਤੇ ਸਹਿਮਤ ਹੋਏ ਹਨ, ਜਿਸ ਵਿੱਚ ਫ਼ੌਜਾਂ ਦੇ ਚੌਕਸੀ ਪੱਧਰ ਨੂੰ ਘਟਾਉਣਾ ਵੀ ਸ਼ਾਮਲ ਹੈ।
ਭਾਰਤੀ ਫ਼ੌਜ ਨੇ ਅੱਜ ਇੱਥੇ ਕਿਹਾ ਕਿ 10 ਮਈ ਨੂੰ ਦੋਵਾਂ ਦੇਸ਼ਾਂ ਦੇ ਡਾਇਰੈਕਟਰ ਜਨਰਲ ਆਫ ਮਿਲਟਰੀ ਅਪਰੇਸ਼ਨਜ਼ (ਡੀਜੀਐੱਮਓ) ਵਿਚਕਾਰ ਹੋਈ ਸਹਿਮਤੀ ਅਨੁਸਾਰ ‘ਤਣਾਅ ਘਟਾਉਣ ਲਈ ਭਰੋਸੇਯੋਗਤਾ ਕਾਇਮ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ।’ 10 ਮਈ ਨੂੰ ਪਾਕਿਸਤਾਨੀ ਡੀਜੀਐੱਮਓ ਮੇਜਰ ਜਨਰਲ ਕਾਸ਼ਿਫ਼ ਅਬਦੁੱਲਾ ਨੇ ਭਾਰਤੀ ਡੀਜੀਐੱਮਓ ਜਨਰਲ ਰਾਜੀਵ ਘਈ ਨੂੰ ਫੋਨ ਕੀਤਾ ਸੀ ਅਤੇ ‘ਜੰਗ ਨੂੰ ਰੋਕਣ’ ਦਾ ਪ੍ਰਸਤਾਵ ਰੱਖਿਆ ਸੀ।
ਅੱਜ ਪਾਕਿਸਤਾਨੀ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਕਿਹਾ ਕਿ ਉਨ੍ਹਾਂ ਦੀ ਫ਼ੌਜ ਭਾਰਤ ਨਾਲ ਗੋਲੀਬੰਦੀ ਨੂੰ ਐਤਵਾਰ ਤੱਕ ਵਧਾਉਣ ’ਤੇ ਸਹਿਮਤੀ ਹੋ ਗਈ ਹੈ। ਉਨ੍ਹਾਂ ਸੰਸਦ ਨੂੰ ਦੱਸਿਆ ਕਿ ਦੋਵਾਂ ਧਿਰਾਂ ਦਾ ‘ਫ਼ੌਜੀ-ਤੋਂ-ਫ਼ੌਜੀ ਸੰਚਾਰ’ ਹੈ।
ਇਸ ਦੌਰਾਨ ਡੀਜੀਐੱਮਓਜ਼ ਨੇ 12 ਮਈ ਨੂੰ ਵੀ ਗੱਲ ਕੀਤੀ ਸੀ ਅਤੇ ‘ਇਸ ਵਚਨਬੱਧਤਾ ਨੂੰ ਜਾਰੀ ਰੱਖਣ’ ਬਾਰੇ ਗੱਲ ਕੀਤੀ ਸੀ ਕਿ ਦੋਵੇਂ ਧਿਰਾਂ ਨੂੰ ‘ਇੱਕ ਵੀ ਗੋਲੀ ਨਹੀਂ ਚਲਾਉਣੀ ਚਾਹੀਦੀ’। ਉਨ੍ਹਾਂ ਨੇ ਕੋਈ ਵੀ ਹਮਲਾਵਰ ਕਾਰਵਾਈ ਸ਼ੁਰੂ ਨਾ ਕਰਨ ਦਾ ਫ਼ੈਸਲਾ ਕੀਤਾ ਸੀ।
ਭਾਰਤ ਵੱਲੋਂ ਪਹਿਲਗਾਮ ਅਤਿਵਾਦੀ ਹਮਲੇ ਦੇ ਜਵਾਬ ਵਿੱਚ ਪਾਕਿਸਤਾਨ ਵਿੱਚ ਅਤਿਵਾਦੀ ਕੈਂਪਾਂ ’ਤੇ ਹਮਲਾ ਕਰਨ ਤੋਂ ਬਾਅਦ ਦੋਵਾਂ ਪ੍ਰਮਾਣੂ ਹਥਿਆਰਬੰਦ ਦੇਸ਼ਾਂ ਵਿਚਕਾਰ ਵੱਡਾ ਟਕਰਾਅ ਹੋਇਆ ਸੀ।