ਭਾਰਤ ਦੇ ਮਿਜ਼ਾਈਲ ਹਮਲੇ ‘ਜੰਗੀ ਕਾਰਵਾਈ’, ਸਾਨੂੰ ਢੁੱਕਵਾਂ ਜਵਾਬ ਦੇਣ ਦਾ ਪੂਰਾ ਅਧਿਕਾਰ: ਸ਼ਾਹਬਾਜ਼ ਸ਼ਰੀਫ਼

ਭਾਰਤ ਦੇ ਮਿਜ਼ਾਈਲ ਹਮਲੇ ‘ਜੰਗੀ ਕਾਰਵਾਈ’, ਸਾਨੂੰ ਢੁੱਕਵਾਂ ਜਵਾਬ ਦੇਣ ਦਾ ਪੂਰਾ ਅਧਿਕਾਰ: ਸ਼ਾਹਬਾਜ਼ ਸ਼ਰੀਫ਼

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਬੁੱਧਵਾਰ ਵੱਡੇ ਤੜਕੇ ਮਕਬੂਜ਼ਾ ਕਸ਼ਮੀਰ ਅਤੇ ਪੰਜਾਬ ਸੂਬੇ ਵਿੱਚ ਅਤਿਵਾਦੀ ਟਿਕਾਣਿਆਂ ’ਤੇ ਭਾਰਤੀ ਮਿਜ਼ਾਈਲ ਹਮਲਿਆਂ ਨੂੰ ‘ਜੰਗੀ ਕਾਰਵਾਈ’ ਕਰਾਰ ਦਿੱਤਾ ਹੈ। ਸ਼ਰੀਫ਼ ਨੇ ਕਿਹਾ ਕਿ ਉਨ੍ਹਾਂ ਦੇ ਮੁਲਕ ਨੂੰ ‘ਢੁਕਵਾਂ ਜਵਾਬ’ ਦੇਣ ਦਾ ਪੂਰਾ ਅਧਿਕਾਰ ਹੈ।

ਜੀਓ ਨਿਊਜ਼ ਦੀ ਰਿਪੋਰਟ ਅਨੁਸਾਰ ਪਾਕਿਸਤਾਨੀ ਫੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਕਿਹਾ ਕਿ ਪੰਜਾਬ ਅਤੇ ਮਕਬੂਜ਼ਾ ਕਸ਼ਮੀਰ (PoK) ਦੇ ਸ਼ਹਿਰਾਂ ’ਤੇ ਭਾਰਤੀ ਮਿਜ਼ਾਈਲ ਹਮਲਿਆਂ ਵਿੱਚ ਘੱਟੋ-ਘੱਟ ਅੱਠ ਲੋਕ ਮਾਰੇ ਗਏ ਅਤੇ 35 ਹੋਰ ਜ਼ਖਮੀ ਹੋ ਗਏ। ਪ੍ਰਧਾਨ ਮੰਤਰੀ ਸ਼ਰੀਫ ਨੇ ਕਿਹਾ ਕਿ ਭਾਰਤ ਨੇ ਪਾਕਿਸਤਾਨ ਵਿੱਚ ਪੰਜ ਥਾਵਾਂ ’ਤੇ ਹਮਲੇ ਕੀਤੇ ਹਨ। ਸ਼ਰੀਫ਼ ਨੇ ਇਕ ਬਿਆਨ ਵਿਚ ਕਿਹਾ, ‘‘ਪਾਕਿਸਤਾਨ ਨੂੰ ਭਾਰਤ ਵੱਲੋਂ ਥੋਪੀ ਗਈ ਇਸ ਜੰਗ ਦਾ ਢੁਕਵਾਂ ਜਵਾਬ ਦੇਣ ਦਾ ਪੂਰਾ ਅਧਿਕਾਰ ਹੈ, ਅਤੇ ਸੱਚਮੁੱਚ ਇੱਕ ਸਖ਼ਤ ਜਵਾਬ ਦਿੱਤਾ ਜਾਵੇਗਾ।’’ ਸ਼ਰੀਫ ਨੇ ਕਿਹਾ ਕਿ ਉਨ੍ਹਾਂ ਦੀਆਂ ਹਥਿਆਰਬੰਦ ਫੌਜਾਂ ‘ਦੁਸ਼ਮਣ ਨਾਲ ਕਿਵੇਂ ਨਜਿੱਠਣਾ ਹੈ, ਇਹ ਚੰਗੀ ਤਰ੍ਹਾਂ ਜਾਣਦੀਆਂ ਹਨ।’ ਉਨ੍ਹਾਂ ਕਿਹਾ, ‘‘ਅਸੀਂ ਦੁਸ਼ਮਣ ਨੂੰ ਕਦੇ ਵੀ ਉਸ ਦੇ ਨਾਪਾਕ ਇਰਾਦਿਆਂ ਵਿੱਚ ਸਫਲ ਨਹੀਂ ਹੋਣ ਦੇਵਾਂਗੇ।’’

ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਸਵੇਰੇ 10 ਵਜੇ ਕੌਮੀ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ਸੱਦ ਲਈ ਹੈ। ਪਾਕਿਸਤਾਨ ਨੇ ਅਗਲੇ 48 ਘੰਟਿਆਂ ਲਈ ਆਪਣਾ ਹਵਾਈ ਖੇਤਰ ਮੁਕੰਮਲ ਤੌਰ ’ਤੇ ਹਵਾਈ ਆਵਾਜਾਈ ਲਈ ਬੰਦ ਕਰ ਦਿੱਤਾ ਹੈ।

ਉਧਰ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਭਾਰਤੀ ਹਮਲਿਆਂ ਨੂੰ ਪਾਕਿਸਤਾਨ ਦੀ ਪ੍ਰਭੂਸੱਤਾ, ਸੰਯੁਕਤ ਰਾਸ਼ਟਰ ਚਾਰਟਰ ਅਤੇ ਅੰਤਰਰਾਸ਼ਟਰੀ ਕਾਨੂੰਨ ਦੀ ‘ਸਪੱਸ਼ਟ ਉਲੰਘਣਾ’ ਕਰਾਰ ਦਿੱਤਾ ਹੈ। ਡਾਰ ਨੇ ਐਕਸ ’ਤੇ ਇਕ ਬਿਆਨ ਵਿਚ ਕਿਹਾ, ‘‘ਇਸ ਨੇ ਖੇਤਰੀ ਸ਼ਾਂਤੀ ਨੂੰ ਖਤਰੇ ਵਿੱਚ ਪਾ ਦਿੱਤਾ ਹੈ।’’ ਇੱਕ ਬਿਆਨ ਵਿੱਚ ਵਿਦੇਸ਼ ਦਫ਼ਤਰ ਨੇ ‘ਭਾਰਤੀ ਹਵਾਈ ਸੈਨਾ ਵੱਲੋਂ ਭਾਰਤੀ ਹਵਾਈ ਖੇਤਰ ਦੇ ਅੰਦਰ ਰਹਿੰਦਿਆਂ ਕੀਤੇ ਗਏ ਹਮਲਿਆਂ ਨੂੰ ‘ਬਿਨਾਂ ਭੜਕਾਹਟ ਅਤੇ ਜੰਗੀ ਕਾਰਵਾਈ’ ਕਰਾਰ ਦਿੱਤਾ ਹੈ।

ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਜੀਓ ਨਿਊਜ਼ ਨੂੰ ਦੱਸਿਆ, ‘‘ਅਸੀਂ ਪੂਰੀ ਤਾਕਤ ਨਾਲ ਜਵਾਬ ਦੇਵਾਂਗੇ। ਅਸੀਂ ਇਹ ਕਰਜ਼ੇ ਲਾਵਾਂਗੇ।’’ ਉਨ੍ਹਾਂ ਕਿਹਾ ਕਿ ਪਾਕਿਸਤਾਨ ਦਾ ਜਵਾਬ ਗਤੀਸ਼ੀਲ ਅਤੇ ਕੂਟਨੀਤਕ ਦੋਵੇਂ ਤਰ੍ਹਾਂ ਦਾ ਹੋਵੇਗਾ, ਅਤੇ ਭਾਰਤੀ ਹਮਲੇ ਦਾ ਜਵਾਬ ਦੇਣ ਵਿੱਚ ਜ਼ਿਆਦਾ ਸਮਾਂ ਨਹੀਂ ਲੱਗੇਗਾ। ਉਨ੍ਹਾਂ ਕਿਹਾ, ‘‘ਕੌਮਾਂਤਰੀ ਮੀਡੀਆ ਲਈ ਸਾਰੀਆਂ ਥਾਵਾਂ ਖੁੱਲ੍ਹੀਆਂ ਹਨ ਕਿ ਉਹ ਇਹ ਪੁਸ਼ਟੀ ਕਰ ਸਕਣ ਕਿ ਉਨ੍ਹਾਂ ਨੇ ਅਤਿਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਹੈ ਜਾਂ ਆਮ ਨਾਗਰਿਕਾਂ ਨੂੰ।’’

Share: