ਬੰਗਲਾਦੇਸ਼ੀ ਵਸਤਾਂ ਦੀ ਆਮਦ ’ਤੇ ਰੋਕ ਦਾ ਫ਼ੈਸਲਾ ਸਹੀ ਕਰਾਰ

ਨਵੀਂ ਦਿੱਲੀ : ਜ਼ਮੀਨੀ ਬੰਦਰਗਾਹਾਂ ਰਾਹੀਂ ਬੰਗਲਾਦੇਸ਼ ਦੇ ਰੈਡੀਮੇਡ ਕੱਪੜਿਆਂ ਅਤੇ ਕਈ ਹੋਰ ਵਸਤਾਂ ਦੀ ਆਮਦ ’ਤੇ ਰੋਕ ਲਗਾਉਣ ਦਾ ਭਾਰਤ ਵੱਲੋਂ ਲਿਆ ਗਿਆ ਫ਼ੈਸਲਾ ਦੁਵੱਲੇ ਵਪਾਰ ’ਚ ਨਿਰਪੱਖਤਾ ਅਤੇ ਬਰਾਬਰੀ ਲਿਆਉਣ ਵਾਲਾ ਕਰਾਰ ਦਿੱਤਾ ਗਿਆ ਹੈ। ਸਰਕਾਰੀ ਸੂਤਰਾਂ ਨੇ ਕਿਹਾ ਕਿ ਬੰਗਲਾਦੇਸ਼ ਨਾਲ ਭਾਰਤ ਦੇ ਕਾਰੋਬਾਰੀ ਸਬੰਧ ਦੁਵੱਲੀਆਂ ਸ਼ਰਤਾਂ ’ਤੇ ਆਧਾਰਿਤ ਹੋਣਗੇ ਅਤੇ ਗੁਆਂਢੀ ਮੁਲਕ ਤੋਂ ਰੈਡੀਮੇਡ ਕੱਪੜਿਆਂ ਦੀ ਬਰਾਮਦ ’ਤੇ ਪਾਬੰਦੀ ਦਾ ਫ਼ੈਸਲਾ ਢਾਕਾ ਵੱਲੋਂ ਭਾਰਤੀ ਧਾਗਿਆਂ ਤੇ ਚੌਲਾਂ ’ਤੇ ਰੋਕਾਂ ਲਗਾਉਣ ਦੇ ਜਵਾਬ ’ਚ ਲਿਆ ਗਿਆ ਹੈ। ਇਸ ਤੋਂ ਇਲਾਵਾ ਬੰਗਲਾਦੇਸ਼ ਨੇ ਭਾਰਤੀ ਵਸਤਾਂ ਦੀ ਜਾਂਚ ਵੀ ਵਧਾ ਦਿੱਤੀ ਹੈ ਜਿਸ ਕਾਰਨ ਉਸ ਨਾਲ ਕਾਰੋਬਾਰੀ ਸਬੰਧਾਂ ’ਚ ਤਰੇੜ ਪੈ ਗਈ ਹੈ। ਸੂਤਰਾਂ ਨੇ ਕਿਹਾ ਕਿ ਭਾਰਤ ਨੇ ਹੁਣ ਤੱਕ ਬੰਗਲਾਦੇਸ਼ ਤੋਂ ਸਾਰੀਆਂ ਬਰਾਮਦਾਂ ਨੂੰ ਬਿਨਾਂ ਕਿਸੇ ਪਾਬੰਦੀ ਦੇ ਇਜਾਜ਼ਤ ਦਿੱਤੀ ਹੋਈ ਸੀ ਪਰ ਹੁਣ ਬੰਗਲਾਦੇਸ਼ ਨੂੰ ਉੱਤਰ-ਪੂਰਬ ’ਚ ਜ਼ਮੀਨੀ ਟਰਾਂਜ਼ਿਟ ਪੋਸਟਾਂ ਰਾਹੀਂ ਮੁਲਕ ’ਚ ਪਹੁੰਚ ’ਤੇ ਰੋਕ ਲਗਾ ਦਿੱਤੀ ਗਈ ਹੈ। ਭਾਰਤ ਵੱਲੋਂ ਹੁਣ ਸਿਰਫ਼ ਕੋਲਕਾਤਾ ਅਤੇ ਨਹਾਵਾ ਸ਼ੇਵਾ ਸਮੁੰਦਰੀ ਬੰਦਰਗਾਹਾਂ ਰਾਹੀਂ ਬੰਗਲਾਦੇਸ਼ ਤੋਂ ਆਉਣ ਵਾਲੇ ਰੈਡੀਮੇਡ ਕੱਪੜਿਆਂ ਨੂੰ ਦਾਖ਼ਲੇ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਲਿਆ ਗਿਆ ਹੈ। ਰੈਡੀਮੇਡ ਕੱਪੜਿਆਂ ਤੋਂ ਇਲਾਵਾ ਪਲਾਸਟਿਕ, ਲੱਕੜ ਦਾ ਬਣਿਆ ਫਰਨੀਚਰ, ਪ੍ਰੋਸੈਸਡ ਖੁਰਾਕੀ ਵਸਤਾਂ, ਰੂੰ ਅਤੇ ਹੋਰ ਕੁਝ ਸਾਮਾਨ ਮੇਘਾਲਿਆ, ਅਸਾਮ, ਤ੍ਰਿਪੁਰਾ ਅਤੇ ਮਿਜ਼ੋਰਮ ਦੇ ਨਾਕਿਆਂ ਤੇ ਪੱਛਮੀ ਬੰਗਾਲ ਦੇ ਫੁਲਬਾੜੀ ਤੇ ਚੰਗਰਾਬਾਦ ਤੋਂ ਭਾਰਤ ਨਹੀਂ ਲਿਆਂਦਾ ਜਾ ਸਕੇਗਾ। 

Share: