ਆਈਐੱਮਐੱਫ ਨੇ ਪਾਕਿਸਤਾਨ ’ਤੇ 11 ਨਵੀਆਂ ਸ਼ਰਤਾਂ ਲਾਈਆਂ

ਇਸਲਾਮਾਬਾਦ : ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਨੇ ਆਪਣੇ ਰਾਹਤ ਪ੍ਰੋਗਰਾਮ ਦੀ ਅਗਲੀ ਕਿਸ਼ਤ ਜਾਰੀ ਕਰਨ ਲਈ ਪਾਕਿਸਤਾਨ ’ਤੇ 11 ਨਵੀਆਂ ਸ਼ਰਤਾਂ ਲਾਈਆਂ ਹਨ। ਇਸ ਦੇ ਨਾਲ ਹੀ ਆਈਐੱਮਐੱਫ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਭਾਰਤ ਨਾਲ ਤਣਾਅ ਵਧਣ ਕਾਰਨ ਵਿੱਤੀ, ਬਾਹਰੀ ਤੇ ਸੁਧਾਰ ਦੇ ਟੀਚਿਆਂ ਲਈ ਜੋਖਮ ਵੱਧ ਸਕਦੇ ਹਨ। ਅੱਜ ਮੀਡੀਆ ’ਚ ਆਈਆਂ ਖ਼ਬਰਾਂ ’ਚ ਇਹ ਜਾਣਕਾਰੀ ਦਿੱਤੀ ਗਈ ਹੈ।

ਪਾਕਿਸਤਾਨ ’ਤੇ ਲਾਈਆਂ ਗਈਆਂ ਨਵੀਆਂ ਸ਼ਰਤਾਂ ’ਚ 17,600 ਅਰਬ ਰੁਪਏ ਦੇ ਨਵੇਂ ਬਜਟ ਨੂੰ ਸੰਸਦ ਦੀ ਮਨਜ਼ੂਰੀ, ਬਿਜਲੀ ਬਿੱਲਾਂ ’ਤੇ ਕਰਜ਼ਾ ਭੁਗਤਾਨ ਸਰਚਾਰਜ ’ਚ ਵਾਧਾ ਤੇ ਤਿੰਨ ਸਾਲ ਪੁਰਾਣੀਆਂ ਕਾਰਾਂ ਦੀ ਦਰਾਮਦ ’ਤੇ ਪਾਬੰਦੀ ਹਟਾਉਣਾ ਸ਼ਾਮਲ ਹੈ। ਇੱਕ ਮੀਡੀਆ ਰਿਪੋਰਟ ਅਨੁਸਾਰ ਆਈਐੱਮਐੱਫ ਵੱਲੋਂ ਬੀਤੇ ਦਿਨ ਜਾਰੀ ਕਰਮਚਾਰੀ ਪੱਧਰ ਦੀ ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਕਾਰਨ ਇਸ ਪ੍ਰੋਗਰਾਮ ਦੇ ਵਿੱਤੀ, ਬਾਹਰੀ ਤੇ ਸੁਧਾਰ ਸਬੰਧੀ ਟੀਚਿਆਂ ਲਈ ਜੋਖਮ ਵੱਧ ਸਕਦੇ ਹਨ। ਰਿਪੋਰਟ ’ਚ ਅੱਗੇ ਕਿਹਾ ਗਿਆ ਹੈ ਕਿ ਪਿਛਲੇ ਦੋ ਹਫ਼ਤਿਆਂ ’ਚ ਪਾਕਿਸਤਾਨ ਤੇ ਭਾਰਤ ਵਿਚਾਲੇ ਤਣਾਅ ਕਾਫੀ ਵਧ ਗਿਆ ਹੈ ਪਰ ਹੁਣ ਤੱਕ ਬਾਜ਼ਾਰ ਦੀ ਪ੍ਰਤੀਕਿਰਿਆ ਮਾਮੂਲੀ ਰਹੀ ਹੈ ਤੇ ਸ਼ੇਅਰ ਬਾਜ਼ਾਰ ਨੇ ਆਪਣੇ ਹਾਲੀਆ ਲਾਭ ਨੂੰ ਬਰਕਰਾਰ ਰੱਖਿਆ ਹੈ। ਆਈਐੱਮਐੱਫ ਦੀ ਰਿਪੋਰਟ ’ਚ ਅਗਲੇ ਵਿੱਤੀ ਸਾਲ ਲਈ ਰੱਖਿਆ ਬਜਟ 2,414 ਅਰਬ ਰੁਪਏ ਦਿਖਾਇਆ ਗਿਆ ਹੈ ਜੋ 252 ਅਰਬ ਰੁਪਏ ਜਾਂ 21 ਫੀਸਦ ਵੱਧ ਹੈ। ਆਈਐੱਮਐੱਫ ਦੇ ਅਨੁਮਾਨ ਮੁਕਾਬਲੇ ਸਰਕਾਰ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਭਾਰਤ ਨਾਲ ਟਕਰਾਅ ਵਧਣ ਤੋਂ ਬਾਅਦ ਰੱਖਿਆ ਖੇਤਰ ਲਈ 2500 ਅਰਬ ਰੁਪਏ ਜਾਂ 18 ਫੀਸਦ ਵੱਧ ਰਾਸ਼ੀ ਅਲਾਟ ਕਰਨ ਦਾ ਸੰਕੇਤ ਦਿੱਤਾ ਹੈ। ਮੀਡੀਆ ਰਿਪੋਰਟ ਅਨੁਸਾਰ ਆਈਐੱਮਐੱਫ ਨੇ ਪਾਕਿਸਤਾਨ ’ਤੇ ਹੁਣ 11 ਹੋਰ ਸ਼ਰਤਾਂ ਲਾਈਆਂ ਹਨ। ਇਸ ਤਰ੍ਹਾਂ ਪਾਕਿਸਤਾਨ ’ਤੇ ਹੁਣ ਤੱਕ 50 ਸ਼ਰਤਾਂ ਲਾਈਆਂ ਜਾ ਚੁੱਕੀਆਂ ਹਨ।
Share: