ਮਨੁੱਖੀ ਤਸਕਰੀ ਦੇ ਦੋਸ਼ੀ ਹਰਸ਼ ਪਟੇਲ ਨੂੰ ਦਸ ਸਾਲ ਦੀ ਕੈਦ

ਮਨੁੱਖੀ ਤਸਕਰੀ ਦੇ ਦੋਸ਼ੀ ਹਰਸ਼ ਪਟੇਲ ਨੂੰ ਦਸ ਸਾਲ ਦੀ ਕੈਦ

ਵੈਨਕੂਵਰ : ਮਿਨੀਸੋਟਾ ਦੇ ਜੱਜ ਨੇ ਜਨਵਰੀ 2022 ’ਚ ਅਮਰੀਕਾ ’ਚ ਗੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਲਈ ਸਰਹੱਦ ਪਾਰ ਕਰਦਿਆਂ ਗੁਜਰਾਤੀ ਪਰਿਵਾਰ ਦੇ ਚਾਰ ਮੈਂਬਰਾਂ ਦੇ ਮਾਰੇ ਜਾਣ ਸਬੰਧੀ ਮਾਮਲੇ ’ਚ ਹਰਸ਼ ਕੁਮਾਰ ਪਟੇਲ ਅਤੇ ਸਟੀਵ ਸ਼ੈਂਡ ਨੂੰ ਦੋਸ਼ੀ ਮੰਨਦਿਆਂ ਕ੍ਰਮਵਾਰ 10 ਅਤੇ ਸਾਢੇ 6 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਮਰੀਕੀ ਜ਼ਿਲ੍ਹਾ ਜੱਜ ਜੌਹਨ ਟੁਨਹੇਮ ਨੇ ਕਿਹਾ ਕਿ ਪੈਸੇ ਪਿੱਛੇ ਮਨੁੱਖੀ ਜਾਨਾਂ ਨੂੰ ਦਾਅ ’ਤੇ ਲਾਉਣ ਵਾਲੇ ਲਿਹਾਜ਼ ਦੇ ਹੱਕਦਾਰ ਨਹੀਂ ਹਨ। ਜੱਜ ਨੇ ਵਕੀਲਾਂ ਦੀਆਂ ਨਿਰਦੋਸ਼ ਹੋਣ ਦੀਆਂ ਦਲੀਲਾਂ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਅਜਿਹੀ ਬੇਰਹਿਮੀ ਦੇ ਮਾਮਲੇ ਵਿੱਚ ਮਿਸਾਲੀ ਸਜ਼ਾਵਾਂ ਜ਼ਰੂਰੀ ਹਨ। ਜੱਜ ਨੇ ਇਸਤਗਾਸਾ ਪੱਖ ਦੀ ਗੱਲ ਨੂੰ ਮੰਨਿਆ ਕਿ ਮੁਲਜ਼ਮ ਨੇ ਭਾਰਤ ਤੋਂ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜੇ ਕਈ ਹੋਰ ਵਿਅਕਤੀਆਂ ਨੂੰ ਵੀ ਚੋਰੀ-ਛਿਪੇ ਸਰਹੱਦ ਪਾਰ ਕਰਾਉਣ ਦੀ ਸੌਦੇਬਾਜ਼ੀ ਕੀਤੀ ਸੀ ਤੇ ਉਸ ਦਿਨ ਹਰਸ਼ ਪਟੇਲ ਨੇ 10-12 ਵਿਅਕਤੀਆਂ ਦੇ ਗਰੁੱਪ ਨੂੰ ਬਰਫ਼ਬਾਰੀ ’ਚ ਸਰਹੱਦ ਪਾਰ ਕਰਾਉਣ ਦੀ ਵਿਉਂਤ ਘੜੀ ਤੇ ਅਮਰੀਕਾ ਵਾਲੇ ਪਾਸੇ ਸਟੀਵ ਸ਼ੈਂਡ ਨੂੰ ਟੈਕਸੀ ਵਿੱਚ ਬਿਠਾ ਕੇ ਕਿਸੇ ਟਿਕਾਣੇ ਪਹੁੰਚਾਉਣ ਲਈ ਸੱਦਿਆ ਸੀ। 25 ਜਨਵਰੀ 2022 ਦੀ ਰਾਤ ਨੂੰ ਵਿਨੀਪੈੱਗ ਇਲਾਕੇ ’ਚ ਭਾਰੀ ਬਰਫ਼ਬਾਰੀ ਹੋਈ ਸੀ ਤੇ ਅਗਲੀ ਸਵੇਰੇ ਅਮਰੀਕਾ ਦੇ ਕਸਟਮ ਤੇ ਸਰਹੱਦੀ ਸੁਰੱਖਿਆ ਦਲ ਨੇ ਸਰਹੱਦ ਨੇੜੇ ਬਰਫ਼ ਵਿੱਚ ਫਸੀ ਟੈਕਸੀ ਦੇਖੀ ਸੀ। ਟੈਕਸੀ ਵਿੱਚ ਸਵਾਰ ਸੱਤ ਜਣਿਆਂ ਨੇ ਪੁੱਛ ਪੜਤਾਲ ਦੌਰਾਨ ਸੱਚ ਦੱਸ ਦਿੱਤਾ ਕਿ ਉਨ੍ਹਾਂ ਬੀਤੀ ਰਾਤ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕੀਤੀ ਸੀ। ਉਨ੍ਹਾਂ ’ਚੋਂ ਹੀ ਕਿਸੇ ਦੇ ਬੈਗ ’ਚੋਂ ਛੋਟੇ ਬੱਚੇ ਦੇ ਕੱਪੜੇ ਮਿਲੇ ਸਨ, ਜਿਸ ਤੋਂ ਉਨ੍ਹਾਂ ਦੇ ਹੋਰ ਸਾਥੀ ਹੋਣ ਦਾ ਪਤਾ ਲੱਗਾ। ਸਾਥੀਆਂ ਦੀ ਭਾਲ ਦੌਰਾਨ ਚਾਰ ਲਾਸ਼ਾਂ ਲੱਭੀਆਂ ਸਨ ਜਿਨ੍ਹਾਂ ਤੋਂ ਮਿਲੇ ਦਸਤਾਵੇਜ਼ਾਂ ਤੋਂ ਭਾਰਤੀ ਮੂਲ ਦੇ ਜਗਦੀਸ਼ ਪਟੇਲ (39), ਪਤਨੀ ਵੈਸ਼ਾਲੀ ਬਿਨ ਪਟੇਲ (37), ਬੇਟੀ ਵਿਹਾਂਗੀ (11) ਤੇ ਪੁੱਤਰ ਧਾਰਮਿਕ (3) ਦੀ ਪਛਾਣ ਹੋਈ ਸੀ।

ਉੱਚ ਅਦਾਲਤ ’ਚ ਅਪੀਲ ਕਰਨਗੇ ਮੁਲਜ਼ਮ 

ਸੁਣਵਾਈ ਦੌਰਾਨ ਮੁਲਜ਼ਮ ਸਟੀਵ ਸ਼ੈਂਡ ਨੇ ਕਿਰਾਏ ’ਤੇ ਕੀਤੀ ਟੈਕਸੀ ਦਾ ਚਾਲਕ ਹੋਣ ਦਾ ਦਾਅਵਾ ਕੀਤਾ ਪਰ ਜੱਜ ਨੇ ਮੰਨਿਆ ਕਿ ਦੋਵੇਂ ਰਲ ਕੇ ਭਾਰਤ ਤੋਂ ਸੈਲਾਨੀ ਜਾਂ ਸਟੱਡੀ ਵੀਜ਼ਾ ’ਤੇ ਆਏ ਵਿਅਕਤੀਆਂ ਨੂੰ ਸਰਹੱਦ ਪਾਰ ਕਰਾਉਣ ਦਾ ਕੰਮ ਕਰਦੇ ਸਨ। ਹਰਸ਼ ਪਟੇਲ ਲੋਕਾਂ ਨੂੰ ਕੈਨੇਡਾ ਵਾਲੇ ਪਾਸਿਓਂ ਸਰਹੱਦ ’ਤੇ ਲਿਜਾਂਦਾ ਤੇ ਅਮਰੀਕਾ ਵਾਲੇ ਪਾਸੇ ਸਟੀਵ ਉਨ੍ਹਾਂ ਨੂੰ ਵੱਡੀ ਟੈਕਸੀ ਵਿੱਚ ਬਿਠਾ ਕੇ ਅਮਰੀਕਾ ’ਚ ਕਿਸੇ ਟਿਕਾਣੇ ’ਤੇ ਛੱਡ ਆਉਂਦਾ ਸੀ। ਮੁਲਜ਼ਮਾਂ ਦੇ ਵਕੀਲ ਨੇ ਉੱਚ ਅਦਾਲਤ ’ਚ ਅਪੀਲ ਕਰਨ ਦੀ ਗੱਲ ਆਖੀ ਹੈ।

Share: